ਉੱਤਰੀ ਭਾਰਤ ਦੇ ਕਈ ਇਲਾਕੇ ਭੂਚਾਲ ਨਾਲ ਕੰਬੇ
ਡੋਡਾ/ਭੱਦਰਵਾਹ, 13 ਜੂਨ
ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਦੁਪਹਿਰ ਸਮੇਂ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆ ਵਿੱਚ ਲੋਕ ਡਰ ਕਾਰਨ ਘਰਾਂ ਵਿੱਚੋਂ ਬਾਹਰ ਆ ਗਏ। ਇਸ ਦੌਰਾਨ ਕੁਝ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ। ਦਿੱਲੀ ਤੇ ਉੱਤਰੀ ਭਾਰਤ ਦੇ ਦੂਜੇ ਹਿੱਸਿਆਂ ਤੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਵਿਗਿਆਨ ਸਬੰਧੀ ਕੌਮੀ ਸੈਂਟਰ ਮੁਤਾਬਿਕ ਭੂਚਾਲ ਦਾ ਕੇਂਦਰ ਬਿੰਦੂ ਡੋਡਾ ਸੀ ਅਤੇ ਇਸ ਖੇਤਰ ਵਿੱਚ ਦੁਪਹਿਰੇ 1.33 ਵਜੇ 5.4 ਤੀਬਰਤਾ ਦਾ ਭੂਚਾਲ ਆਇਆ। ਇਸ ਦੀ ਡੂੰਘਾਈ 6 ਕਿਲੋਮੀਟਰ ਮਾਪੀ ਗਈ। ਡੋਡਾ ਦੇ ਭੱਦਰਵਾਹ ਸ਼ਹਿਰ ਵਿੱਚ ਝਟਕਿਆਂ ਕਾਰਨ ਕੁਝ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ। ਇੰਜ ਹੀ ਹਸਪਤਾਲ ਦੇ ਇਕ ਵਾਰਡ ‘ਚ ਪੱਖਾ ਡਿੱਗ ਗਿਆ ਜਿਸ ਦਾ ਮਲਬਾ ਮਰੀਜ਼ ‘ਤੇ ਡਿੱਗਣ ਕਾਰਨ ਉਹ ਮਾਮੂਲੀ ਜ਼ਖ਼ਮੀ ਹੋ ਗਈ। ਵਾਰਡ ਵਿਚਲੇ ਸਾਰੇ ਮਰੀਜ਼ਾਂ ਨੂੰ ਤੁਰੰਤ ਸੁਰੱਖਿਅਤ ਢੰਗ ਨਾਲ ਦੂਜੇ ਵਾਰਡ ਵਿੱਚ ਤਬਦੀਲ ਕੀਤਾ ਗਿਆ। ਘਾਟਾ ਭੱਦਰਵਾਹ ਦੇ ਵਸਨੀਕ ਅਜ਼ੀਮ ਮਲਿਕ ਨੇ ਦੱਸਿਆ ਕਿ ਭੂਚਾਲ ਕਾਫੀ ਤੇਜ਼ ਸੀ ਅਤੇ ਝਟਕਿਆਂ ਕਾਰਨ ਉਸ ਦਾ ਘਰ ਨੁਕਸਾਨਿਆ ਗਿਆ ਹੈ। ਭੱਦਰਵਾਹ ਵਾਦੀ ਵਿੱਚ ਸਹਿਮੇ ਸਕੂਲ ਬੱਚੇ ਖੇਤਾਂ ਵਿੱਚ ਇਕੱਠੇ ਹੋ ਗਏ ਅਤੇ ਅਧਿਆਪਕ ਉਸ ਨੂੰ ਦਿਲਾਸਾ ਦਿੰਦੇ ਨਜ਼ਰ ਆੲੇ। ਡੋਡਾ ਦੇ ਅਧਿਕਾਰੀਆਂ ਮੁਤਾਬਿਕ ਭੂਚਾਲ ਕਾਰਨ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਡੋਡਾ ਤੋ 150 ਕਿਲੋਮੀਟਰ ਦੂਰ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਝਟਕੇ ਮਹਿਸੂਸ ਕੀਤੇ ਗਏ। ਸ਼ਿਮਲਾ ਦੀ ਵਸਨੀਕ ਨੰਦਿਨੀ ਦਾ ਕਹਿਣਾ ਸੀ ਕਿ ਝਟਕਿਆਂ ਕਾਰਨ ਰਸੋਈ ਵਿਚਲਾ ਸਾਮਾਨ ਹਿੱਲ ਰਿਹਾ ਸੀ। ਇਸ ਤੋਂ ਇਲਾਵਾ ਪੰਜਾਬ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। -ਪੀਟੀਆਈ
ਪਾਕਿਸਤਾਨ ‘ਚ ਵੀ ਮਹਿਸੂਸ ਹੋਏ ਭੂਚਾਲ ਦੇ ਝਟਕੇ
ਇਸਲਾਮਾਬਾਦ: ਪਾਕਿਸਤਾਨ ਦੇ ਕਈ ਖੇਤਰਾਂ ਵਿੱਚ 5.6 ਤੀਬਰਤਾ ਨਾਲ ਆਏ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਡਰੇ ਤੇ ਸਹਿਮੇ ਲੋਕ ਆਪੋ-ਆਪਣੇ ਘਰਾਂ ਤੋਂ ਬਾਹਰ ਆ ਗਏ। ਜੀਓ ਨਿਊਜ਼ ਦੀ ਖਬਰ ਵਿੱਚ ਪਾਕਿਸਤਾਨ ਦੇ ਮੌਸਮ ਵਿਭਾਗ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਭੂਚਾਲ ਦੇ ਝਟਕੇ 1:04 ਵਜੇ ਮਹਿਸੂਸ ਕੀਤੇ ਗਏ ਜਿਸ ਦਾ ਕੇਂਦਰ ਬਿੰਦੂ ਪੂਰਬੀ ਕਸ਼ਮੀਰ ਸੀ। ਲਾਹੌਰ, ਇਸਲਾਮਾਬਾਦ, ਪੇਸ਼ਾਵਰ ਤੇ ਲਹਿੰਦੇ ਪੰਜਾਬ ਵਿੱਚ ਝਟਕੇ ਮਹਿਸੂਸ ਹੋਏ ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਬਾਹਰ ਭੱਜਣਾ ਪਿਆ। ਇਸ ਦੌਰਾਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। -ਪੀਟੀਆਈ