ਕਈ ਅਕਾਲੀ ਆਗੂ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜੁਲਾਈ
ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਲਈ ਚੱਲ ਰਹੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹਰਮਨ ਰਿਜ਼ੋਰਟ ਦੇ ਮਾਲਕ ਹਰਮਿੰਦਰ ਸਿੰਘ ਤਨੇਜਾ ਅਤੇ ਨਾਹਰ ਸਿੰਘ ਨਰਸੀ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਹਲਕਾ ਗਿੱਲ ਦੇ ਪਿੰਡ ਕੁਤਬੇਵਾਲ ਵਿੱਖੇ ਯੂਥ ਵਿੰਗ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ, ਜਨਰਲ ਸਕੱਤਰ ਸੁਨੀਲ ਸ਼ਰਮਾ ਅਤੇ ਮੰਡਲ ਪ੍ਰਧਾਨ ਭੱਟੀਆਂ ਹਰਸ਼ਦੀਪ ਕਪੂਰ ਵੀ ਮੌਜੂਦ ਸਨ।
ਇਸ ਮੌਕੇ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਨ ਕਲਿਆਣ ਨੀਤੀਆਂ ਨੂੰ ਲੈ ਕੇ ਪੰਜਾਬ ਵਿੱਚ ਜਿੱਥੇ ਭਾਜਪਾ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ ਉਥੇ ਪਿੰਡਾਂ ਵਿੱਚ ਵੀ ਭਾਜਪਾ ਦਾ ਆਧਾਰ ਵੱਧ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਬਹੁਮਤ ਨਾਲ ਸੱਤਾ ਸੌਂਪੀ ਸੀ ਪਰ ਹੁਣ ਇਹ ਸਰਕਾਰ ਕੁੰਭਕਰਨ ਵਾਂਗ ਸੁੱਤੀ ਪਈ ਹੈ। ਪਵਨ ਕੁਮਾਰ ਟਿੰਕੁ ਨੇ ਕਿਹਾ ਕਿ ਇਸ ਵਾਰ ਪੰਚਾਇਤਾਂ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਜਪਾ ਵੱਲੋਂ ਆਪਣੇ ਤੌਰ ਤੇ ਲੜੀਆਂ ਜਾਣਗੀਆਂ ਅਤੇ ਭਾਜਪਾ ਭਾਰੀ ਬਹੁਮਤ ਨਾਲ ਚੋਣ ਜਿੱਤ ਕੇ ਆਪਣਾ ਮੇਅਰ ਬਣਾਏਗੀ। ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਰਮਿੰਦਰ ਸਿੰਘ ਤਨੇਜਾ ਅਤੇ ਨਾਹਰ ਸਿੰਘ ਨਰਸੀ ਨੇ ਕਿਹਾ ਕਿ ਉਹ ਤਨਦੇਹੀ ਨਾਲ ਭਾਜਪਾ ਨੂੰ ਹੋਰ ਮਜ਼ਬੂਤ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਰਜਿੰਦਰ ਸਿੰਘ ਬੌਂਕੜ ਡੋਗਰਾਂ, ਅਵਤਾਰ ਸਿੰਘ ਤਲਵੰਡੀ, ਗੁਰਜੀਤ ਸਿੰਘ, ਮੰਗਲ ਸਿੰਘ, ਦਵਿੰਦਰ ਸਿੰਘ ਹੁਸੈਨਪੁਰ, ਰਵੀ ਸਾਂਪਲਾ, ਜੀਵਨ ਸਿੰਘ, ਕੁਲਜੀਤ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਗੁਰਜੰਟ ਸਿੰਘ ਮਿੰਟੂ, ਲਖਵੀਰ ਸਿੰਘ, ਪ੍ਰਕਾਸ਼ ਸਿੰਘ, ਜਤਿੰਦਰ ਜੀਤੀ, ਪਰਸ਼ੋਤਮ ਸਿੰਘ ਅਰਜਨ ਸਿੰਘ ਅਤੇ ਜਤਿੰਦਰ ਸਿੰਘ ਸੋਨੀ ਆਦਿ ਵੀ ਹਾਜ਼ਰ ਸਨ।