ਮਾਨਸਾ ਨੇੜਲੇ ਪਿੰਡਾਂ ਵਿੱਚ ਕਣਕ ਦੀ ਹੱਥੀਂ ਵਾਢੀ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਪਰੈਲ
ਮਾਲਵਾ ਖੇਤਰ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਨੂੰ ਥੁੜ੍ਹ ਜ਼ਮੀਨਾਂ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਹੱਥੀਂ ਵਾਢੀ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਬੇਸ਼ੱਕ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਖੇਤ ਮਜ਼ਦੂਰਾਂ ਅਤੇ ਔਰਤਾਂ ਵੱਲੋਂ ਕਣਕ ਦੀ ਹੱਥੀਂ ਵਾਢੀ ਦਾ ਕਾਰਜ ਮਸ਼ੀਨਾਂ ਨੇ ਖੋਹ ਲਿਆ ਹੈ, ਪਰ ਹਿੰਮਤੀ ਪਰਿਵਾਰ ਅਜੇ ਵੀ ਦਾਣੇ ਅਤੇ ਤੂੜੀ ਇਕੱਠੇ ਕਰਨ ਲਈ ਹੱਥੀਂ ਵਾਢੀ ਦਾ ਤੋਰੀਆ ਤੋਰ ਰਹੇ ਹਨ। ਇਸ ਖੇਤਰ ਵਿੱਚ ਮਹਿੰਗੀ ਹੋਈ ਤੂੜੀ ਵੀ ਲੋੜਵੰਦ ਪਰਿਵਾਰਾਂ ਲਈ ਸਿਰਦਰਦੀ ਬਣਨ ਲੱਗੀ ਹੈ, ਜਿਸ ਕਰ ਕੇ ਉਨ੍ਹਾਂ ਨੇ ਹੁਣ ਹੱਥੀਂ ਵਾਢੀ ਕਰ ਕੇ ਖਾਣ ਯੋਗੀ ਕਣਕ ਤੇ ਤੂੜੀ ਇਕੱਠੀ ਕਰਨ ਦਾ ਉਪਰਾਲਾ ਆਰੰਭ ਦਿੱਤਾ ਹੈ।
ਇਸ ਇਲਾਕੇ ਵਿੱਚ ਜਿਵੇਂ ਪਹਿਲਾਂ ਕਣਕ ਦੀ ਵਾਢੀ ਕਰਨ ਲਈ ਪਰਵਾਸੀ ਮਜ਼ਦੂਰ ਵਿਸਾਖੀ ਤੋਂ ਪਹਿਲਾਂ ਆਉਂਦੇ ਸਨ, ਉਹ ਇਸ ਵਾਰ ਕਿਧਰੇ ਵੀ ਦਿਖਾਈ ਨਹੀਂ ਦੇ ਰਹੇ ਹਨ। ਇਹ ਹੱਥੀਂ ਵਾਢੀ ਦਾ ਰੁਝਾਨ ਕਈ ਸਾਲਾਂ ਤੋਂ ਘਟਦਾ ਜਾ ਰਿਹਾ ਹੈ, ਪਰ ਫਿਰ ਵੀ ਜਿਹੜੇ ਪਰਿਵਾਰਾਂ ਕੋਲ ਪਰਵਾਸੀ ਮਜ਼ਦੂਰ ਲਗਾਤਾਰ ਆਉਂਦੇ ਹਨ, ਉਨ੍ਹਾਂ ਕੋਲ ਵੀ ਅਜੇ ਤੱਕ ਆਉਣ ਦੀ ਇਨ੍ਹਾਂ ਦੇ ਆਉਣ ਦੀ ਕੋਈ ਸੂਚਨਾ ਨਹੀਂ ਹੈ।
ਜਾਣਕਾਰੀ ਅਨੁਸਾਰ ਇਸ ਵਾਰ ਤੂੜੀ ਦਾ ਭਾਅ ਵੱਧ ਹੋਣ ਦੇ ਡਰ ਕਾਰਨ ਕਿਸਾਨ ਹੱਥੀਂ ਵਾਢੀ ਵਿਚ ਦਿਲਚਸਪੀ ਦਿਖਾਉਣ ਲੱਗੇ ਹਨ। ਕਣਕਾਂ ਦੇ ਧਰਤੀ ’ਤੇ ਵਿਛ ਜਾਣ ਕਾਰਨ ਇਸ ਵਾਰ ਜਿਹੜੀ ਤੂੜੀ ਨੂੰ ਪਿੜਾਂ ਦੌਰਾਨ ਪਹਿਲਾਂ ਥੋੜ੍ਹੀਆਂ ਕੀਮਤਾਂ ’ਤੇ ਖ਼ਰੀਦਿਆ ਜਾਂਦਾ ਸੀ, ਉਸ ਤੂੜੀ ਦੇ ਐਂਤਕੀ ਮਹਿੰਗੇ ਹੋਣ ਦੀ ਸੰਭਾਵਨਾ ਹੈ। ਹੁਣ ਤੂੜੀ ਪਸ਼ੂਆਂ ਦੀ ਖ਼ੁਰਾਕ ਤੋਂ ਇਲਾਵਾ ਕਈ ਹੋਰ ਉਦਯੋਗਾਂ ਵਿੱਚ ਵੀ ਵਰਤੀ ਜਾਣ ਲੱਗੀ ਹੈ।
ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਵਿੱਚ ਸਥਾਨਕ ਮਜ਼ਦੂਰਾਂ ਵੱਲੋਂ ਵਾਢੀ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਪਿੰਡ ਗੁਰਨੇ ਕਲਾਂ, ਬੋੜਾਵਾਲ, ਬੱਪੀਆਣਾ, ਫਰਮਾਹੀ, ਦਲੇਲ ਸਿੰਘ ਵਾਲਾ ਅਤੇ ਕੋਟਲੱਲੂ, ਅਲੀਸ਼ੇਰ ਖੁਰਦ ਵਿੱਚ ਥੋੜ੍ਹੀ-ਥੋੜ੍ਹੀ ਕਣਕ ਨੂੰ ਹੱਥੀਂ ਵੱਢਣ ਦਾ ਰੁਝਾਨ ਆਰੰਭ ਹੋਇਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਣਕ ਦੀ ਹੱਥੀਂ ਵਾਢੀ ਕਿਤੇ-ਕਿਤੇ ਹੀ ਚੱਲ ਰਹੀ ਹੈ। ਮਹਿੰਗੀ ਤੂੜੀ ਤੇ ਕਣਕ ਦੇ ਘਟੇ ਝਾੜ ਕਾਰਨ ਮਜ਼ਦੂਰਾਂ ਤੇ ਛੋਟੀ ਕਿਸਾਨੀ ਕੋਲ ਹੋਰ ਚਾਰਾ ਵੀ ਨਹੀਂ ਰਿਹਾ ਹੈ।