For the best experience, open
https://m.punjabitribuneonline.com
on your mobile browser.
Advertisement

ਮਨੂ, ਗੁਕੇਸ਼, ਹਰਮਨਪ੍ਰੀਤ ਅਤੇ ਪ੍ਰਵੀਨ ਨੂੰ ਖੇਲ ਰਤਨ ਪੁਰਸਕਾਰ

05:57 AM Jan 18, 2025 IST
ਮਨੂ  ਗੁਕੇਸ਼  ਹਰਮਨਪ੍ਰੀਤ ਅਤੇ ਪ੍ਰਵੀਨ ਨੂੰ ਖੇਲ ਰਤਨ ਪੁਰਸਕਾਰ
ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਹਰਮਨਪ੍ਰੀਤ ਸਿੰਘ, ਸ਼ਤਰੰਜ ਖਿਡਾਰੀ ਡੀ ਗੁਕੇਸ਼, ਪੈਰਾ ਅਥਲੀਟ ਪ੍ਰਵੀਨ ਕੁਮਾਰ ਤੇ ਨਿਸ਼ਾਨੇਬਾਜ਼ ਮਨੂ ਭਾਕਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਜਨਵਰੀ
ਦੋ ਓਲੰਪਿਕ ਤਗ਼ਮੇ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ, ਸ਼ਤਰੰਜ ਦੇ ਵਿਸ਼ਵ ਚੈਂਪੀਅਨ ਡੀ. ਗੁਕੇਸ਼, ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਹਾਈ ਜੰਪਰ ਪ੍ਰਵੀਨ ਕੁਮਾਰ ਨੂੰ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦੇਸ਼ ਦੇ ਸਰਬਉੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦਿੱਤੇ ਗਏ, ਜਿਨ੍ਹਾਂ ’ਚੋਂ 17 ਪੈਰਾ ਐਥਲੀਟ ਹਨ। ਖੇਲ ਰਤਨ ਪੁਰਸਕਾਰ ਵਿੱਚ 25 ਲੱਖ ਰੁਪਏ, ਜਦਕਿ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਵਿੱਚ 15-15 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ।

Advertisement

ਅਰਜੁਨ ਪੁਰਸਕਾਰ ਨਾਲ ਸਨਮਾਨਤ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ।

22 ਸਾਲਾ ਭਾਕਰ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਖਿਡਾਰਨ ਹੈ। ਉਸ ਨੇ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਕਾਂਸੇ ਦੇ ਤਗ਼ਮੇ ਜਿੱਤੇ ਸਨ। ਹਰਮਨਪ੍ਰੀਤ ਟੋਕੀਓ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਹਾਕੀ ਟੀਮ ਦੀ ਮੈਂਬਰ ਸੀ। ਉਹ ਪੈਰਿਸ ਓਲੰਪਿਕ ਵਿੱਚ ਟੀਮ ਦਾ ਕਪਤਾਨ ਵੀ ਸੀ।
ਦੂਜੇ ਪਾਸੇ ਪ੍ਰਵੀਨ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਪੈਰਿਸ ਵਿੱਚ ਉਸ ਨੇ ਇਸ ਨੂੰ ਸੋਨੇ ਵਿੱਚ ਬਦਲ ਦਿੱਤਾ। 18 ਸਾਲਾ ਗੁਕੇਸ਼ ਪਿਛਲੇ ਮਹੀਨੇ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਵਿਸ਼ਵ ਚੈਂਪੀਅਨ ਬਣਿਆ।

Advertisement

ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਦਿੰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋਆਂ: ਪੀਟੀਆਈ/ਏਐੱਨਆਈ

ਅਰਜੁਨ ਪੁਰਸਕਾਰ ਜੇਤੂਆਂ ਵਿੱਚ ਜਯੋਤੀ ਯਾਰਾਜੀ (ਅਥਲੈਟਿਕਸ), ਅਨੂ ਰਾਣੀ (ਐਥਲੈਟਿਕਸ), ਨੀਤੂ (ਮੁੱਕੇਬਾਜ਼ੀ), ਸਵੀਟੀ (ਮੁੱਕੇਬਾਜ਼ੀ), ਵੰਤਿਕਾ ਅਗਰਵਾਲ (ਸ਼ਤਰੰਜ), ਸਲੀਮਾ ਟੇਟੇ (ਹਾਕੀ), ਅਭਿਸ਼ੇਕ (ਹਾਕੀ), ਸੰਜੈ (ਹਾਕੀ), ਜਰਮਨਪ੍ਰੀਤ ਸਿੰਘ (ਹਾਕੀ), ਸੁਖਜੀਤ ਸਿੰਘ (ਹਾਕੀ), ਰਾਕੇਸ਼ ਕੁਮਾਰ (ਪੈਰਾ ਤੀਰਅੰਦਾਜ਼ੀ), ਪ੍ਰੀਤੀ ਪਾਲ (ਪੈਰਾ ਅਥਲੈਟਿਕਸ), ਜੀਵਾਂਜੀ ਦੀਪਤੀ (ਪੈਰਾ ਅਥਲੈਟਿਕਸ), ਅਜੀਤ ਸਿੰਘ (ਪੈਰਾ ਅਥਲੈਟਿਕਸ), ਸਚਿਨ ਸਰਜੇਰਾਓ (ਪੈਰਾ ਅਥਲੈਟਿਕਸ), ਧਰਮਬੀਰ (ਪੈਰਾ ਅਥਲੈਟਿਕਸ), ਪ੍ਰਣਵ ਸੂਰਮਾ (ਪੈਰਾ ਅਥਲੈਟਿਕਸ), ਐੱਚ ਹੋਕਾਟੋ ਸੇਮਾ (ਪੈਰਾ ਅਥਲੈਟਿਕਸ), ਸਿਮਰਨ (ਪੈਰਾ ਅਥਲੈਟਿਕਸ), ਨਵਦੀਪ (ਪੈਰਾ ਅਥਲੈਟਿਕਸ), ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ), ਤੁਲਸੀਮਤੀ ਮੁਰੂਗੇਸਨ (ਪੈਰਾ ਐਥਲੈਟਿਕਸ), ਨਿਤਿਆ ਸ਼੍ਰੇਆ ਸੁਮਤੀ ਸਿਵਾਨ (ਪੈਰਾ ਬੈਡਮਿੰਟਨ), ਮਨੀਸ਼ਾ ਰਾਮਦਾਸ (ਪੈਰਾ ਬੈਡਮਿੰਟਨ), ਕਪਿਲ ਪਰਮਾਰ (ਪੈਰਾ ਜੂਡੋ), ਮੋਨਾ ਅਗਰਵਾਲ (ਪੈਰਾ ਸ਼ੂਟਿੰਗ), ਰੁਬੀਨਾ ਫਰਾਂਸਿਸ (ਪੈਰਾ ਸ਼ੂਟਿੰਗ), ਸਵਪਨਿਲ ਸੁਰੇਸ਼ ਕੁਸਾਲੇ (ਸ਼ੂਟਿੰਗ), ਸਰਬਜੋਤ ਸਿੰਘ (ਸ਼ੂਟਿੰਗ), ਅਭੈ ਸਿੰਘ (ਸਕੁਐਸ਼), ਸਾਜਨ ਪ੍ਰਕਾਸ਼ (ਤੈਰਾਕੀ) ਅਤੇ ਅਮਨ ਸਹਿਰਾਵਤ (ਕੁਸ਼ਤੀ) ਸ਼ਾਮਲ ਹਨ। ਅਰਜੁਨ ਪੁਰਸਕਾਰ (ਲਾਈਫਟਾਈਮ) ਜੇਤੂਆਂ ਵਿੱਚ ਸੁੱਚਾ ਸਿੰਘ (ਅਥਲੈਟਿਕਸ) ਅਤੇ ਮੁਰਲੀਕਾਂਤ ਰਾਜਾਰਾਮ ਪੇਟਕਰ (ਪੈਰਾ-ਸਵਿਮਿੰਗ), ਦਰੋਣਾਚਾਰੀਆ ਪੁਰਸਕਾਰ ਜੇਤੂਆਂ ਵਿੱਚ ਸੁਭਾਸ਼ ਰਾਣਾ (ਪੈਰਾ ਸ਼ੂਟਰ), ਦੀਪਾਲੀ ਦੇਸ਼ਪਾਂਡੇ (ਸ਼ੂਟਿੰਗ) ਅਤੇ ਸੰਦੀਪ ਸਾਂਗਵਾਨ (ਹਾਕੀ), ਦਰੋਣਾਚਾਰੀਆ ਪੁਰਸਕਾਰ (ਲਾਈਫਟਾਈਮ) ਜੇਤੂਆਂ ਵਿੱਚ ਐਸ. ਮੁਰਲੀਧਰਨ (ਬੈਡਮਿੰਟਨ) ਅਤੇ ਅਰਮਾਂਡੋ ਐਗਨੇਲੋ ਕੋਲਾਸੋ (ਫੁਟਬਾਲ) ਸ਼ਾਮਲ ਹਨ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਪਰੰਪਰਾ ਤੋੜਦਿਆਂ ਵ੍ਹੀਲਚੇਅਰ ’ਤੇ ਨਿਰਭਰ ਕੁੱਝ ਖਿਡਾਰੀਆਂ ਲਈ ਖੁਦ ਅੱਗੇ ਚੱਲ ਕੇ ਆਏ।

ਪੇਟਕਰ ਨੂੰ ਅਰਜੁਨ ਪੁਰਸਕਾਰ (ਲਾਈਫਟਾਈਮ) ਦਿੰਦਿਆਂ ਮਾਹੌਲ ਹੋਇਆ ਭਾਵੁਕ

ਸਮਾਗਮ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ 80 ਸਾਲਾ ਮੁਰਲੀਕਾਂਤ ਪੇਟਕਰ ਅਰਜੁਨ ਪੁਰਸਕਾਰ (ਲਾਈਫਟਾਈਮ) ਪ੍ਰਾਪਤ ਕਰਨ ਲਈ ਬੈਸਾਖੀਆਂ ’ਤੇ ਰਾਸ਼ਟਰਪਤੀ ਕੋਲ ਪਹੁੰਚੇ। 1965 ਦੀ ਪਾਕਿਸਤਾਨ ਖ਼ਿਲਾਫ਼ ਜੰਗ ਦੌਰਾਨ ਪੇਟਕਰ ਦੇ ਲੱਕ ਹੇਠਾਂ ਗੋਲੀ ਲੱਗ ਗਈ ਸੀ। ਉਹ ਮੂਲ ਰੂਪ ਵਿੱਚ ਮੁੱਕੇਬਾਜ਼ ਸਨ ਪਰ ਬਾਅਦ ਵਿੱਚ ਪੈਰਾ ਤੈਰਾਕ ਬਣੇ। ਉਨ੍ਹਾਂ 1972 ਦੇ ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਤਾੜੀਆਂ ਦੀ ਗੂੰਜ ਵਿੱਚ ਪੁਰਸਕਾਰ ਲੈਣ ਆਏ ਅਤੇ ਉਨ੍ਹਾਂ ਦੇ ਵਾਪਸ ਸੀਟ ’ਤੇ ਬੈਠਣ ਤੱਕ ਤਾੜੀਆਂ ਵੱਜਦੀਆਂ ਰਹੀਆਂ। ਇਸ ਦੌਰਾਨ ਅਦਾਕਾਰ ਕਾਰਤਿਕ ਆਰਿਅਨ ਵੀ ਹਾਜ਼ਰ ਸੀ, ਜਿਸ ਨੇ ਪੇਟਕਰ ਦੀ ਜ਼ਿੰਦਗੀ ’ਤੇ ਆਧਾਰਤ ਬਣੀ ਫਿਲਮ ‘ਚੰਦੂ ਚੈਂਪੀਅਨ’ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਚੰਡੀਗੜ੍ਹ ਯੂਨੀਵਰਸਿਟੀ ਨੂੰ ਮਾਕਾ ਟਰਾਫੀ

ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2024 ’ਚ ਸ਼ਾਨਦਾਰ ਪ੍ਰਦਰਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਲਵਲੀ ਯੂਨੀਵਰਸਿਟੀ ਦੂਜੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੀਜੇ ਸਥਾਨ ’ਤੇ ਰਹੀ। ਚੰਡੀਗੜ੍ਹ ਯੂਨੀਵਰਸਿਟੀ ਮਾਕਾ ਟਰਾਫ਼ੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ। ਚੰਡੀਗੜ੍ਹ ’ਵਰਸਿਟੀ ਦੇ ਚਾਂਸਲਰ ਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਟਰਪਤੀ ਤੋਂ ਵੱਕਾਰੀ ਮਾਕਾ ਟਰਾਫੀ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ। ਇੰਡੀਅਨ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਨੂੰ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਖੇਡ ਮੰਤਰੀ ਮਨਸੁਖ ਮਾਂਡਵੀਆ, ਸੰਸਦੀ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ, ਖੇਡ ਸਕੱਤਰ ਸੁਜਾਤਾ ਚਤੁਰਵੇਦੀ ਵੀ ਮੌਜੂਦ ਸਨ।

Advertisement
Author Image

joginder kumar

View all posts

Advertisement