ਮਾਨਸਾ ਦੀ ਮਾਡਲ ਟਾਊਨ ਕਲੋਨੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਕਤੂਬਰ
ਮਾਨਸਾ ਵਿੱਚ 16 ਏਕੜ ਰਕਬੇ ਵਿੱਚ ਬਣੀ ਮਾਡਲ ਟਾਊਨ ਕਲੋਨੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ ਹੈ। ਪੁੱਡਾ ਤੋਂ ਮਾਨਤਾ ਪ੍ਰਾਪਤ ਇਸ ਕਲੋਨੀ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਸਰਕਾਰੀ ਸੁੱਖ-ਸਹੂਲਤਾਂ ਵਾਲੇ ਖੇਤਰ ਵਿੱਚ ਰਿਹਾਇਸ਼ ਬਣਾਉਣ ਦਾ ਮੌਕਾ ਪ੍ਰਾਪਤ ਹੋਵੇਗਾ। ਕਲੋਨੀ ਨੂੰ ਮਾਨਤਾ ਪ੍ਰਾਪਤ ਹੋਣ ਦਾ ਸਰਟੀਫਿਕੇਟ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕਲੋਨੀ ਦੇ ਮੁੱਖ ਪ੍ਰਬੰਧਕ ਵੀਨੂੰ ਭੂਸ਼ਨ ਝੁਨੀਰ ਨੂੰ ਦਿੱਤਾ ਗਿਆ।
ਪੰਜਾਬ ਸਰਕਾਰ ਵੱਲੋਂ ਗੈਰ-ਮਾਨਤਾ ਪ੍ਰਾਪਤ ਕਲੋਨੀਆਂ ਖ਼ਿਲਾਫ਼ ਸੂਬੇ ਵਿੱਚ ਵਿੱਢੀ ਵਿਸ਼ੇਸ਼ ਮੁਹਿੰਮ ਤੋਂ ਬਾਅਦ ਹੁਣ ਰਾਜ ਵਿੱਚ ਮਾਨਤਾ ਪ੍ਰਾਪਤ ਕਲੋਨੀਆਂ ਦਾ ਰੁਝਾਨ ਵੱਧਣ ਲੱਗਿਆ ਹੈ। ਇਸ ਕਲੋਨੀ ਦੇ ਹੋਂਦ ਵਿੱਚ ਆਉਣ ਤੋਂ ਮਗਰੋਂ ਹੁਣ ਮਾਨਸਾ ਵਰਗੇ ਪਛੜੇ ਖੇਤਰ ਵਿੱਚ ਵੱਡੇ ਸ਼ਹਿਰਾਂ ਵਾਂਗ ਸਰਕਾਰੀ ਮਾਨਤਾ ਪ੍ਰਾਪਤ ਕਲੋਨੀਆਂ ਹੋਂਦ ਵਿੱਚ ਆਉਣਾ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਮਾਡਲ ਟਾਊਨ ਕਲੋਨੀ ਦੇ ਮੁੱਖ ਪ੍ਰਬੰਧਕ ਵੀਨੂੰ ਭੂਸ਼ਨ ਝੁਨੀਰ ਨੇ ਦੱਸਿਆ ਕਿ ਕਲੋਨੀ ਵਿੱਚ ਪੰਜਾਬ ਸਰਕਾਰ ਅਤੇ ਪੁੱਡਾ ਵਿਭਾਗ ਤੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਾਲੀਆਂ ਸਾਰੀਆਂ ਸੁੱਖ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ 40 ਫੁੱਟ ਅਤੇ 60 ਫੁੱਟ ਚੌੜੀਆਂ ਸੜਕਾਂ, ਪਾਰਕ, ਸੀਵਰੇਜ, ਵਾਟਰ ਵਰਕਸ, ਅੰਡਰ ਗਰਾਊਂਡ ਬਿਜਲੀ ਦਾ ਬੰਦੋਬਸਤ ਕੀਤਾ ਗਿਆ ਹੈ।