ਦਿੱਲੀ ਦੀ ਤਰਜ ’ਤੇ ਬਣੇਗਾ ਮਾਨਸਾ ਦਾ ਰੇਲਵੇ ਸਟੇਸ਼ਨ
ਪੱਤਰ ਪ੍ਰੇਰਕ
ਮਾਨਸਾ, 8 ਜੁਲਾਈ
ਦਿੱਲੀ ਦੀ ਤਰਜ਼ ’ਤੇ ਮਾਨਸਾ ਦਾ ਰੇਲਵੇ ਸਟੇਸ਼ਨ ਮੈਟਰੋ ਵਾਂਗ ਨਵਾਂ ਅਤੇ ਪੂਰਾ ਏਸੀ ਹੋਵੇਗਾ। ਸਟੇਸ਼ਨ ਦੇ ਦੋਵੇਂ ਪਾਸੇ ਏਸੀ ਪਲੇਟਫਾਰਮ ਅਤੇ ਪੂਰੇ ਸਟੇਸ਼ਨ ਨੂੰ ਕਵਰ ਕੀਤਾ ਜਾਵੇਗਾ। ਛੇਤੀ ਹੀ ਸਟੇਸ਼ਨ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਰੇਲਵੇ ਵਿਭਾਗ ਦਿੱਲੀ ਦੇ ਡਿਪਟੀ ਸੀ.ਡੀ.ਐੱਮ ਸਪੈਸ਼ਲ ਗੱਡੀ ਰਾਹੀਂ ਮਾਨਸਾ ਸਟੇਸ਼ਨ ’ਤੇ ਆਪਣੀ ਟੀਮ ਸਮੇਤ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਨੇ ਪੂਰੇ ਸਟੇਸ਼ਨ ਦਾ ਨਿਰੀਖਣ ਕੀਤਾ ਅਤੇ ਸਟੇਸ਼ਨ ਦੇ ਨਵ-ਨਿਰਮਾਣ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹੋਰਾਂ ਵੱਡੇ ਸਟੇਸ਼ਨਾਂ ਦੀ ਤਰ੍ਹਾਂ ਮਾਨਸਾ ਰੇਲਵੇ ਸਟੇਸ਼ਨ ਨੂੰ ਏ.ਸੀ ਅਤੇ ਸਹੂਲਤਾਂ ਸੰਪੰਨ ਬਣਾਉਣ ਲਈ ਬਜਟ ਜਾਰੀ ਕੀਤਾ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਮਾਨਸਾ ਦੇ ਇਹ ਰੇਲਵੇ ਸਟੇਸ਼ਨ ਦੀ ਪੁਰਾਣੀ ਬਿਲਡਿੰਗ ਨੂੰ ਢਾਹ ਕੇ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ। ਡਿਪਟੀ ਸੀਡੀਐੱਮ ਸੰਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਦੇ ਮੈਟਰੋ ਸਟੇਸ਼ਨ ਦੀ ਤਰਜ ’ਤੇ ਮਾਨਸਾ ਦਾ ਰੇਲਵੇ ਸਟੇਸ਼ਨ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦੋਨੇਂ ਪਾਸਿਓ ’ਤੇ ਵਿਸ਼ਾਲ ਬਿਲਡਿੰਗ, ਫੁੱਲ ਏ.ਸੀ ਬਣਾਇਆ ਜਾਵੇਗਾ ਅਤੇ ਸਟੇਸ਼ਨ ਅੰਦਰ ਨਵੇਂ ਪਾਖਾਨੇ, ਨਵੀਂ ਕੰਟੀਨਾਂ ਅਤੇ ਨਵੇਂ ਵੇਟਿੰਗ ਹਾਲ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨ ਦੇ ਦੋਵੇਂ ਪਾਸੇ ਟਿਕਟ ਘਰ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਾਨਸਾ ਸਟੇਸ਼ਨ ਦੇ ਮਾਲ ਗੁਦਾਮ ਸਾਈਡ ਤੇ ਪਹਿਲਾਂ ਤੋਂ ਹੀ ਪਲੇਟਫਾਰਮ ਬਣਨਾ ਸ਼ੁਰੂ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰੀ ਪਲੇਟੀ ਤੇ ਦੋਨੇਂ ਪਾਸੇ ਵੱਡੀ ਬਿਲਡਿੰਗ ਬਣਾਈ ਜਾਵੇਗੀ ਅਤੇ ਸਾਰੇ ਸਟੇਸ਼ਨ ਨੂੰ ਏ.ਸੀ, ਵਾਈ.ਫਾਈ ਨਾਲ ਜੋੜਿਆ ਜਾਵੇਗਾ। ਇਸ ਸਟੇਸ਼ਨ ਨੂੰ ਪੂਰਾ ਆਧੁਨਿਕ ਬਣਾਇਆ ਜਾਵੇਗਾ।