ਮਾਨਸਾ: ਸੜਕ ਨੂੰ ਜਾਮ ਕਰਨ ’ਤੇ ਪੁਲੀਸ ਨੇ ਤਿੰਨ ਦਰਜਨ ਤੋਂ ਵੱਧ ਧਰਨਾਕਾਰੀ ਕਿਸਾਨਾਂ ਨੂੰ ਹਿਰਾਸਤ ’ਚ ਲਿਆ
ਜੋਗਿੰਦਰ ਸਿੰਘ ਮਾਨ
ਮਾਨਸਾ 13 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਚੱਲ ਰਹੇ ਧਰਨੇ ਵਿੱਚ ਲਾਠੀਚਾਰਜ ਕਰਕੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿਚ ਜਥੇਬੰਦੀ ਵੱਲੋਂ ਸੂਬੇ ਭਰ ਦੇ ਵਿੱਚ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ।
ਮਾਨਸਾ ਨੇੜਲੇ ਪਿੰਡ ਭੈਣੀ ਬਾਘਾ ਵਿੱਚ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਸੜਕੀ ਆਵਾਜਾਈ ਰੋਕੀ ਗਈ। ਇਸ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਲਗਭਗ ਤਿੰਨ ਦਰਜਨ ਕਿਸਾਨਾਂ ਨੂੰ ਪੁਲੀਸ ਵੱਲੋਂ ਹਿਰਾਸਤ ਲੈ ਲਿਆ ਗਿਆ ਹੈ ਅਤੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਦੇ ਉੱਤੇ ਕਿਸਾਨਾਂ ਦੇ ਸੰਘਰਸ਼ ਨੂੰ ਦੱਬਣਾ ਚਾਹੁੰਦੀ ਹੈ। ਇਸ ਮੌਕੇ ਗੁਰਚਰਨ ਸਿੰਘ ਭਿੱਖੀ ਜਗਰਾਜ ਸਿੰਘ ਹੀਰੋ, ਸਿਕੰਦਰ ਸਿੰਘ ਭੈਣੀ ਬਾਘਾ, ਕਾਕਾ ਸਿੰਘ ਤਲਵੰਡੀ ਅਕਲੀਆ ਤੇ ਬਲਵੀਰ ਸਿੰਘ ਝੰਡੂਕੇ ਨੂੰ ਪੁਲੀਸ ਨੇ ਮੁੱਖ ਰੂਪ ਵਿੱਚ ਹਿਰਾਸਤ ਵਿਚ ਲਿਆ ਹੈ।