ਮਾਨਸਾ: ਸਫ਼ਾਈ ਕਮਿਆਂ ਵੱਲੋਂ ਕੂੜਾ ਚੁੱਕਣ ਦਾ ਕੰਮ ਠੱਪ
ਪੱਤਰ ਪ੍ਰੇਰਕ
ਮਾਨਸਾ, 3 ਅਗਸਤ
ਸਫਾਈ ਸੇਵਕ ਯੂਨੀਅਨ ਮਾਨਸਾ ਵੱਲੋਂ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਦੇ ਮਾਮਲੇ ਨੂੰ ਲੈ ਕੇ ਅੱਜ ਸਫ਼ਾਈ ਕਾਮਿਆਂ ਵੱਲੋਂ ਸਫ਼ਾਈ ਦਾ ਕੰਮ ਮੁਕੰਮਲ ਬੰਦ ਰੱਖਿਆ ਗਿਆ। ਜਥੇਬੰਦੀ ਵੱਲੋਂ ਨਗਰ ਕੌਸਲ ਦਫ਼ਤਰ ਦੇ ਬਾਹਰ ਧਰਨਾ ਲਾਕੇ ਕੌਂਸਲਰਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਫ਼ਾਈ ਕਾਮਿਆਂ ਨੇ ਮਸਲੇ ਦੇ ਹੱਲ ਤੱਕ ਕੰਮ ’ਤੇ ਨਾ ਆਉਣ ਦੀ ਦਿੱਤੀ ਚਿਤਾਵਨੀ ਦਾ ਅੱਜ ਚੌਥੇ ਦਿਨ ਵੀ ਕੁਝ ਨਾ ਬਣਿਆ, ਜਿਸ ਕਾਰਨ ਸ਼ਹਿਰ ਵਿੱਚ ਸਫ਼ਾਈ ਦਾ ਸੱਤਿਆਨਾਸ਼ ਹੋ ਗਿਆ ਹੈ। ਸਫ਼ਾਈ ਸੇਵਕ ਯੂਨੀਅਨ ਵੱਲੋਂ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਪ੍ਰਧਾਨ ਪ੍ਰਵੀਨ ਕੁਮਾਰ ਬਿਡਲਾਨ ਨੇ ਕਿਹਾ ਕਿ ਨਗਰ ਕੌਂਸਲ ਦੇ ਕੁਝ ਕੌਂਸਲਰ ਉਨ੍ਹਾਂ ਨੂੰ ਹੱਕ ਤੋਂ ਵਾਂਝੇ ਕਰ ਰਹੇ ਹਨ,ਕਿਉਂਕਿ ਪੰਜਾਬ ਸਰਕਾਰ ਵੱਲੋਂ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦਾ ਪ੍ਰਬੰਧ ਹੈ, ਪਰ ਕੁੱਝ ਕੌਂਸਲਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣ ਦੇ ਰਹੇ ਅਤੇ ਮੀਟਿੰਗ ਵਿੱਚ ਇਸਦਾ ਵਿਰੋਧ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਧਰਨਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਕੇ, ਉਨ੍ਹਾਂ ਦੇ ਬਕਾਏ ਜਾਰੀ ਕੀਤੇ ਜਾਣ, ਜਦੋਂ ਕਿ ਯੋਗ ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇ। ਇਸ ਮੌਕੇ ਰਾਜ ਕੁਮਾਰ ਰਾਜੂ, ਵਿਜੈ ਕੁਮਾਰ ਚੌਹਾਨ, ਸ਼ਿਵ ਕੁਮਾਰ, ਸੁਨੀਲ ਕੁਮਾਰ ਰੱਤੀ, ਵਿਨੋਦ ਕੁਮਾਰ,ਸੁਖਦੇਵ ਸਿੰਘ ਭੁੰਭਕ, ਮਨੋਜ ਕੁਮਾਰ ਨੇ ਵੀ ਸੰਬੋਧਨ ਕੀਤਾ।