ਮਾਨਸਾ: ਅੰਡਰਬ੍ਰਿਜ ’ਚੋਂ ਤੀਜੇ ਦਿਨ ਵੀ ਨਹੀਂ ਨਿਕਲਿਆ ਮੀਂਹ ਦਾ ਪਾਣੀ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੁਲਾਈ
ਇਥੇ ਪਏ ਮੀਂਹ ਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਖੜ੍ਹੇ ਪਾਣੀ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀ ਰਫ਼ਤਾਰ ਮੱਠੀ ਪਾ ਦਿੱਤੀ ਹੈ। ਇਥੇ ਤੀਜੇ ਦਿਨ ਵੀ ਮੀਂਹ ਦਾ ਪਾਣੀ ਸ਼ਹਿਰ ਦੀਆਂ ਸੜਕਾਂ ’ਤੇ ਖੜ੍ਹਾ ਰਿਹਾ। ਮਾਨਸਾ ਵਿੱਚ ਪਾਣੀ ਨਿਕਾਸੀ ਦੀ ਤਕਲੀਫ਼ ਸਭ ਤੋਂ ਵੱਡੀ ਹੈ। ਸੜਕਾਂ ਤੋਂ ਇਲਾਵਾ ਸ਼ਹਿਰ ਦੇ ਰੇਲਵੇ ਲਾਈਨ ਵਾਲਾ ਅੰਡਰਬ੍ਰਿਜ ਵਿੱਚ ਲਗਪਗ 8 ਫੁੱਟ ਤੱਕ ਪਾਣੀ ਭਰ ਗਿਆ ਹੈ। ਅੰਡਰਬ੍ਰਿਜ ’ਚ ਪਾਣੀ ਭਰਨ ਨਾਲ ਉਥੋਂ ਦੀ ਅਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਨਾਲ ਰੇਲਵੇ ਫਾਟਕ ’ਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਘੰਟਿਆਂ ਬੱਧੀ ਜਾਮ ਲੱਗੇ ਰਹੇ।
ਅੱਜ ਰੇਲਗੱਡੀਆਂ ਦੀ ਅਵਾਜਾਈ ਅਤੇ ਲੰਬਾ ਸਮਾਂ ਰੇਲਵੇ ਫਾਟਕ ਬੰਦ ਰਹਿਣ ਕਰਕੇ ਲੋਕਾਂ ਨੂੰ ਘੰਟਿਆਂਬੱਧੀ ਗਰਮੀ ਵਿਚ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੂੰ ਪਾਣੀ ਨਿਕਾਸੀ ਅਤੇ ਮੀਂਹ ਦਾ ਪਾਣੀ ਸੜਕਾਂ ’ਤੇ ਖੜ੍ਹਾ ਹੋਣ ਤੋਂ ਰੋਕਣ ਲਈ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਹਰ ਵਾਰ ਇਸ ਮੌਸਮ ਵਿਚ ਪ੍ਰਸ਼ਾਸਨ ਅਜਿਹੇ ਪ੍ਰਬੰਧ ਕਰਨ ਵਿਚ ਨਾਕਾਮ ਰਿਹਾ ਹੈ। ਰੇਲਵੇ ਫਾਟਕ ਪਾਰ ਕਰਨ ਲਈ ਵਾਹਨਾਂ ਅਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਟਰੈਫਿਕ ਪੁਲੀਸ ਨੂੰ ਵੀ ਟਰੈਫਿਕ ਕੰਟਰੋਲ ਕਰਨਾ ਔਖਾ ਹੋ ਗਿਆ। ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਦਿਖਾਈ ਦਿੱਤੇ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਪ੍ਰਧਾਨ ਗੁਰਤੇਜ ਸਿੰਘ ਜਗਰੀ ਅਤੇ ਜਨਰਲ ਸਕੱਤਰ ਐਡਵੋਕੇਟ ਈਸ਼ਵਰ ਗੋਇਲ ਦਾ ਕਹਿਣਾ ਹੈ ਕਿ ਅੰਡਰਬ੍ਰਿਜ ਅਕਸਰ ਮੀਂਹ ਦੌਰਾਨ ਪਾਣੀ ਨਾਲ ਭਰਨ ਕਰਕੇ ਅਤੇ ਫਾਟਕ ਜ਼ਿਆਦਾਤਰ ਬੰਦ ਰਹਿਣ ਕਾਰਨ ਰਸਤੇ ਬੰਦ ਹੋ ਗਏ ਹਨ। ਇਹ ਸਮੱਸਿਆ ਸਭ ਤੋਂ ਗੰਭੀਰ ਬਣੀ ਹੋਈ ਹੈ।