ਮਨਪ੍ਰੀਤ ਅਜੇ ਵੀ ਬਾਦਲ ਪਰਿਵਾਰ ਦਾ ਸਾਥ ਦੇ ਰਿਹੈ: ਖੁੱਡੀਆਂ
ਸ਼ਗਨ ਕਟਾਰੀਆ
ਬਠਿੰਡਾ, 27 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਬਿਮਾਰੀ ਦਾ ਬਹਾਨਾ ਬਣਾ ਕੇ ਬਠਿੰਡਾ ਹਲਕੇ ’ਚ ਤਾਂ ਭਾਜਪਾ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਪਰ ਪਟਿਆਲਾ ’ਚ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਪਹੁੰਚ ਜਾਂਦੇ ਹਨ।
ਹਲਕਾ ਬਠਿੰਡਾ (ਦਿਹਾਤੀ) ਵਿੱਚ ਚੋਣ ਜਲਸਿਆਂ ਦੌਰਾਨ ਸ੍ਰੀ ਖੁੱਡੀਆਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਅਕਾਲੀ-ਭਾਜਪਾ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਪੁਗਾਉਣ ਦੀ ਇਹ ਸਹੀ ਤਸਵੀਰ ਹੈ। ਉਨ੍ਹਾਂ ਹਰਸਿਮਰਤ ਕੌਰ ਬਾਦਲ ਤੋਂ ਪੁੱਛਿਆ ਕਿ ਉਹ ਕੇਂਦਰ ਵਿੱਚ ਮੰਤਰੀ ਹੁੰਦਿਆਂ ਹੋਇਆਂ, ਮਾਲਵਾ ਖਿੱਤੇ ’ਚ ਕੋਈ ਫੂਡ ਨਾਲ ਸਬੰਧਤ ਸਨਅਤ ਸਥਾਪਿਤ ਨਹੀਂ ਕਰਵਾ ਸਕੇ, ਉਹ ਹੁਣ ਕਿਸਾਨਾਂ ਦੇ ਵੱਡੇ ਖ਼ੈਰ-ਖ਼ੁਆਹ ਹੋਣ ਦੇ ਦਮਗਜ਼ੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਕਿਸਾਨੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੇ ਵਿਵਾਦਤ ਖੇਤੀ ਕਾਨੂੰਨਾਂ ਦੀ ਬਾਦਲ ਪਰਿਵਾਰ ਦੇ ਇਕੱਲੇ-ਇਕੱਲੇ ਜੀਅ ਨੇ ਸ਼ਰ੍ਹੇਆਮ ਪੈਰਵੀ ਕੀਤੀ ਪਰ ਜਦੋਂ ਕਿਸਾਨਾਂ ਨੇ ਬਾਦਲ ਪਰਿਵਾਰ ਦੇ ਘਰ ਅੱਗੇ ਪਿੰਡ ਬਾਦਲ ’ਚ ਪੱਕਾ ਮੋਰਚਾ ਲਾ ਦਿੱਤਾ, ਤਾਂ ਸ੍ਰੀਮਤੀ ਬਾਦਲ ਨੇ ਮਜਬੂਰੀਵੱਸ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕਿਸਾਨ ਇਹ ਕਦੇ ਨਹੀਂ ਭੁੱਲਣਗੇ ਕਿ ਹਰਸਿਮਰਤ ਦੇ ਕੇਂਦਰੀ ਮੰਤਰੀ ਹੁੰਦਿਆਂ ਭਾਜਪਾ ਸਰਕਾਰ ਵੱਲੋਂ ਸੜਕਾਂ ’ਤੇ ਕਿੱਲ ਠੋਕ ਕੇ ਤੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਭਾਜਪਾ ’ਚ ਸ਼ਮੂਲੀਅਤ ਵੀ ਬਾਦਲ ਪਰਿਵਾਰ ਦੀ ਡੂੰਘੀ ਚਾਲ ਸੀ, ਜੋ ਹੁਣ ਉੱਭਰਵੇਂ ਰੂਪ ਵਿੱਚ ਸਾਹਮਣੇ ਆ ਗਈ ਹੈ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਕਾਂਗਰਸੀਆਂ ਦੀ ਹਾਲਤ ਬਿਨਾਂ ਪਾਣੀ ਤੋਂ ਮੱਛੀ ਵਰਗੀ ਹੈ ਅਤੇ ਇਹ ਸੱਤਾ ਬਗ਼ੈਰ ਟਿਕ ਨਹੀਂ ਸਕਦੇ, ਇਸੇ ਲਈ ਸੱਤਰ ਫ਼ੀਸਦੀ ਪੰਜਾਬ ਦੇ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਸ੍ਰੀ ਖੁੱਡੀਆਂ ਨੇ ਆਖਿਆ ਕਿ ਦੁਨੀਆਂ ਭਰ ’ਚ ਖ਼ੂਬਸੂਰਤ ਜਮਹੂਰੀਅਤ ਕਰ ਕੇ ਜਾਣੇ ਜਾਂਦੇ ਭਾਰਤ ਦੀ ਜਮਹੂਰੀਅਤ ਅਤੇ ਸੰਵਿਧਾਨ ਨੂੰ ਹੁਣ ਫ਼ਿਰਕੂ ਤੇ ਫ਼ਾਸ਼ੀਵਾਦ ਫੈਲਾਅ ਰਹੇ ਤਾਨਾਸ਼ਾਹਾਂ ਤੋਂ ਖ਼ਤਰਾ ਹੈ।
ਕੋਟਗੁਰੂ ਵਿੱਚ ‘ਆਪ’ ਉਮੀਦਵਾਰ ਨੂੰ ਸਵਾਲ ਕੀਤੇ
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਆਗੂਆਂ ਵੱਲੋਂ ਅੱਜ ਬਠਿੰਡਾ ਦਿਹਾਤੀ ਦੇ ਪਿੰਡ ਕੋਟਗੁਰੂ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਚੋਣ ਜਲਸੇ ਵਿੱਚ ਪਹੁੰਚ ਕੇ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਪ੍ਰੋਗਰਾਮ ਸੀ। ਇਸ ਤਹਿਤ ਜਲਸੇ ਵਾਲੀ ਥਾਂ ਦੇ ਨੇੜੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਦੇ ਮਜ਼ਦੂਰ-ਕਿਸਾਨ ਤੇ ਵੱਡੀ ਗਿਣਤੀ ਔਰਤਾਂ ਸਣੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਬਾਰੇ ਪਤਾ ਲੱਗਣ ’ਤੇ ਥਾਣਾ ਸੰਗਤ ਮੁਖੀ ਸੰਦੀਪ ਸਿੰਘ ਭਾਟੀ ਨੇ ਮਜ਼ਦੂਰ ਤੇ ਕਿਸਾਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪ੍ਰੋਗਰਾਮ ਤੋਂ ਬਾਅਦ ਸ੍ਰੀ ਖੁੱਡੀਆਂ ਨਾਲ ਗੱਲਬਾਤ ਕਰਵਾ ਦੇਣਗੇ। ਚੋਣ ਪ੍ਰਚਾਰ ਪ੍ਰੋਗਰਾਮ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੂੰ ਗੁਰਤੇਜ ਸਿੰਘ, ਜਸਕਰਨ ਸਿੰਘ ਤੇ ਰਾਮ ਸਿੰਘ ਨੇ ਪਿੰਡ ਪੱਧਰ ਦੀਆਂ ਸਮੱਸਿਆਵਾਂ ਸਣੇ ਹੋਰ ਮੁੱਦਿਆਂ ’ਤੇ ਸਵਾਲ ਕੀਤੇ। ਆਗੂਆਂ ਅਨੁਸਾਰ ਗੁਰਮੀਤ ਖੁੱਡੀਆਂ ਨੇ ਬੇਸ਼ੱਕ ਗੱਲਬਾਤ ਤਾਂ ਕੀਤੀ ਪਰ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲੇ।