ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਨੇ ਨਾਮਜ਼ਦਗੀ ਪੱਤਰ ਭਰੇ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ
ਗਿੱਦੜਬਾਹਾ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਇੱਥੋਂ ਪੰਜ ਵਾਰ ਵਿਧਾਇਕ ਬਣਨ ਤੋਂ ਬਾਅਦ ਹੁਣ ਛੇਵੀਂ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਅੱਜ ਚੋਣ ਅਧਿਕਾਰੀ ਜਸਪਾਲ ਸਿੰਘ ਕੋਲ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਮੌਕੇ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਤੇ ਦਿਆਲ ਦਾਸ ਸੋਢੀ ਮੌਜੂਦ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਦਗੀ ਗਿੱਦੜਬਾਹਾ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ 2022 ਦੀ ਚੋਣ ਤੱਕ ਮੁਕੱਦਮੇਬਾਜ਼ੀ ਤੋਂ ਰਹਿਤ ਮਨਪ੍ਰੀਤ ਬਾਦਲ ਦਾ ਨਾਂ ਇਸ ਵਾਰ ਪੁਲੀਸ ਦੇ ਰਿਕਾਰਡ ਵਿੱਚ ਬੋਲਣ ਲੱਗਾ ਹੈ। ਬਠਿੰਡਾ ’ਚ ਵਿਜੀਲੈਂਸ ਵਿਭਾਗ ਵੱਲੋਂ 24 ਸਤੰਬਰ 2023 ਨੂੰ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ’ਚ ਉਨ੍ਹਾਂ ਖ਼ਿਲਾਫ਼ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਦੋ ਪਲਾਟ ਘੱਟ ਰੇਟ ’ਤੇ ਖਰੀਦ ਕਰਨ ਅਤੇ ਨਕਸ਼ਾ ਅਪਲੋਡ ਨਾ ਕਰਨ ਦੇ ਦੋਸ਼ ਲੱਗੇ ਸਨ। ਇਹ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਸਿਰ 3.52 ਕਰੋੜ ਰੁਪਏ ਦਾ ਆਮਦਨ ਕਰ ਬਕਾਇਆ ਹੈ ਜਿਸ ਦੀ ਅਪੀਲ ਵਿਭਾਗ ਕੋਲ ਲੰਬਿਤ ਹੈ। ਚੋਣ ਅਧਿਕਾਰੀ ਨੂੰ ਦਿੱਤੇ ਜਾਇਦਾਦ ਦੇ ਵੇਰਵੇ ਅਨੁਸਾਰ ਉਨ੍ਹਾਂ ਕੋਲ ਲਗਪਗ 1.36 ਕਰੋੜ ਰੁਪਏ ਦੇ ਵਾਹਨ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਬਿਨੂ ਬਾਦਲ ਅਤੇ ਸਾਂਝੇ ਪਰਿਵਾਰ ਕੋਲ 11 ਕਰੋੜ ਰੁਪਏ ਤੋਂ ਵੱਧ ਨਿੱਜੀ ਅਤੇ ਕੰਪਨੀਆਂ ਦੇ ਨਾਮ ’ਤੇ ਸਰਮਾਇਆ ਹੈ। ਮਨਪ੍ਰੀਤ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਅਤੇ ਸਾਂਝੇ ਪਰਿਵਾਰ ਕੋਲ ਪਿੰਡ ਬਾਦਲ, ਗਿੱਦੜਬਾਹਾ, ਬਠਿੰਡਾ ਅਤੇ ਚੰਡੀਗੜ੍ਹ ਵਿੱਚ 69 ਕਰੋੜ ਤੋਂ ਵੱਧ ਦੀ ਜਾਇਦਾਦ ਹੈ।
ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਆਪਣੇ ਪਤੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਚੋਣ ਅਧਿਕਾਰੀ ਗਿਦੜਬਾਹਾ ਦੇ ਦਫਤਰ ’ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਅੰਮ੍ਰਿਤਾ ਵੜਿੰਗ ਭਾਵੇਂ ਖੁਦ ਪਹਿਲੀ ਵਾਰ ਚੋਣ ਲੜ ਰਹੇ ਹਨ ਪਰ ਉਨ੍ਹਾਂ ਆਪਣੇ ਪਤੀ ਰਾਜਾ ਵੜਿੰਗ ਲਈ ਕਈ ਚੋਣ ਮੁਹਿੰਮਾਂ ’ਚ ਮੋਹਰੀ ਭੂਮਿਕਾ ਨਿਭਾਈ ਹੈ। ਕੰਪਿਊਟਰ ਦੀ ਮਾਸਟਰ ਡਿਗਰੀ ਪਾਸ ਅੰਮ੍ਰਿਤਾ ਵੜਿੰਗ ਦੀ ਕਾਰੋਬਾਰ ’ਚ ਚੰਗੀ ਪਕੜ ਹੈ। ਵੜਿੰਗ ਪਰਿਵਾਰ ਕੋਲ ਏਕਮ ਹੌਸਪਿਟੈਲਿਟੀ ਕੁਰਕੂਸ਼ੇਤਰ, ਅੰਮ੍ਰਿਤਾ ਈਵੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਫਰੀਦਕੋਟ, ਮੰਨਤ ਹਵੇਲੀ ਕੁਰਕੂਸ਼ੇਤਰਾ ਕੰਪਨੀਆਂ, ਪਿੰਡ ਵੜਿੰਗ ਵਿਖੇ 53 ਕਿੱਲੇ ਜ਼ਮੀਨ, ਮੁਕਤਸਰ ਵਿਖੇ 5 ਪਲਾਟ ਤੇ ਘਰ ਮੌਜੂਦ ਹੈ ਜਿਸ ਦੀ ਬਾਜ਼ਾਰੀ ਕੀਮਤ ਕਰੀਬ 10 ਕਰੋੜ ਰੁਪਏ ਹੈ। ਇਸੇ ਤਰ੍ਹਾਂ ਵੜਿੰਗ ਜੋੜੇ ਕੋਲ 8 ਕਰੋੜ ਰੁਪਏ ਤੋਂ ਵੱਧ ਦਾ ਸਰਮਾਇਆ ਹੈ ਜਿਸ ਵਿੱਚੋਂ ਕਰੀਬ 4.61 ਕਰੋੜ ਰੁਪਏ ਅੰਮ੍ਰਿਤਾ ਦੇ ਹਿੱਸੇ ਹਨ। ਇਸਦੇ ਨਾਲ ਹੀ ਦੋਵਾਂ ਜੀਆਂ ਸਿਰ ਕਰੀਬ 4.72 ਕਰੋੜ ਦਾ ਕਰਜ਼ਾ ਅਤੇ ਦੇਣਦਾਰੀਆਂ ਹਨ। ਅੰਮ੍ਰਿਤਾ ਨੇ 65.69 ਲੱਖ ਰੁਪਏ 6 ਕੰਪਨੀਆਂ ’ਚ ਵੀ ਲਾਏ ਹੋਏ ਹਨ। ਗਹਿਣਿਆਂ ਦੀ ਸ਼ੌਕੀਨ ਅੰਮ੍ਰਿਤਾ ਕੋਲ 33 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ ਜਦੋਂ ਕਿ ਰਾਜਾ ਵੜਿੰਗ ਕੋਲ 100 ਗ੍ਰਾਮ ਸੋਨੇ ਦੇ ਗਹਿਣੇ ਹਨ।
‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੇ ਨਾਮਜ਼ਦਗੀ ਪੱਤਰ ਭਰਿਆ
ਹਲਕਾ ਗਿੱਦੜਬਾਹਾ ਤੋਂ ਦੋ ਵਾਰ ਅਕਾਲੀ ਉਮੀਦਵਾਰ ਵਜੋਂ ਚੋਣ ਹਾਰਨ ਤੋਂ ਬਾਅਦ ਹੁਣ ਤੀਜੀ ਵਾਰ ਆਮ ਆਦਮੀ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਜਸਪਾਲ ਸਿੰਘ ਦੇ ਦਫਤਰ ਵਿੱਚ ਦਾਖਲ ਕਰ ਦਿੱਤੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਕੈਬਨਿਕ ਮੰਤਰੀ ਅਮਨ ਅਰੋੜਾ ਤੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਡਿੱਪੀ ਢਿੱਲੋਂ ਖੇਤੀਬਾੜੀ ਦੇ ਨਾਲ ਇਕ ਵੱਡੀ ਬੱਸ ਕੰਪਨੀ ‘ਦੀਪ ਬੱਸ ਸਰਵਿਸ’ ਦੇ ਵੀ ਮਾਲਕ ਹਨ।