ਫਿਲਮ ‘ਆਦਿਪੁਰਸ਼’ ਲਈ ਮਨੋਜ ਮੁੰਤਸ਼ਿਰ ਨੇ ਮੰਗੀ ਮੁਆਫ਼ੀ
ਮੁੰਬਈ: ਫਿਲਮ ‘ਆਦਿਪੁਰਸ਼’ ਨੂੰ ਬਾਕਸ ਆਫਿਸ ’ਤੇ ਅਸਫ਼ਲਤਾ ਮਿਲਣ ਅਤੇ ਦਰਸ਼ਕਾਂ ਵੱਲੋਂ ਕੀਤੇ ਗਏ ਇਤਰਾਜ਼ ਮਗਰੋਂ ਅੱਜ ਫਿਲਮ ਦੇ ਸੰਵਾਦ ਲੇਖਕ ਮਨੋਜ ਮੁੰਤਸ਼ਿਰ ਸ਼ੁਕਲਾ ਨੇ ‘ਪ੍ਰਭੂ ਬਜਰੰਗ ਬਲੀ’ ਦਾ ਨਿਰਾਦਰ ਕਰਨ ਲਈ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਮੁਆਫ਼ੀ ਮੰਗੀ ਹੈ। ਮਨੋਜ ਮੁੰਤਸ਼ਿਰ ਨੇ ਆਪਣੀ ਪੋਸਟ ਵਿੱਚ ਕਿਹਾ, ‘ਮੈਂ ਮੰਨਦਾ ਹਾਂ ਕਿ ਫਿਲਮ ‘ਆਦਿਪੁਰਸ਼’ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੈਂ ਦੋਵੇਂ ਹੱਥ ਜੋੜ ਕੇ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਮੇਰੀ ਪ੍ਰਾਰਥਨਾ ਹੈ ਕਿ ਪ੍ਰਭੂ ਬਜਰੰਗ ਬਲੀ ਸਾਡਾ ਏਕਾ ਬਰਕਰਾਰ ਰੱਖਣ ਤੇ ਸਾਨੂੰ ਸਾਡੇ ਮਹਾਨ ਸਨਾਤਨ ਧਰਮ ਅਤੇ ਦੇਸ਼ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ।’ ਮਨੋਜ ਦੀ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਈਆਂ ਵੱਲੋਂ ‘ਮੁਆਫ਼ੀ ਮੰਨ ਲਈ’ ਵੀ ਲਿਖਿਆ ਗਿਆ ਹੈ। ਇਸ ਮੌਕੇ ਇੱਕ ਨੇ ਕਿਹਾ, ‘ਸ੍ਰੀਰਾਮ ਤੁਹਾਡਾ ਭਲਾ ਕਰਨ, ਇਹ ਅੱਛਾ ਕੰਮ ਕੀਤਾ ਤੁਸੀਂ।’ ਇੱਕ ਹੋਰ ਨੇ ਕਿਹਾ, ‘ਤੁਹਾਡੀ ਮੁਆਫ਼ੀ ਨਾਲ ਦਿਲ ਖੁਸ਼ ਹੋਇਆ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਦਿਲੋਂ ਤੁਸੀਂ ਇੱਕ ਚੰਗੇ ਇਨਸਾਨ ਹੋ, ਸਦਾ ਆਪਣੀ ਅਸਲੀ ਪਛਾਣ ’ਤੇ ਕਾਇਮ ਰਹੋ।’ ਜ਼ਿਕਰਯੋਗ ਹੈ ਕਿ ਓਮ ਰਾਊਤ ਦੇ ਨਿਰਦੇਸ਼ਨ ਹੇਠ 500 ਕਰੋੜ ਦੇ ਬਜਟ ਨਾਲ ਤਿਆਰ ਇਸ ਫਿਲਮ ਵਿਚਲੇ ਦ੍ਰਿਸ਼ਾਂ ਅਤੇ ਸੰਵਾਦਾਂ ਕਰਕੇ ਦੇਸ਼ ਵਿੱਚ ਕਈ ਥਾਈਂ ਦਰਸ਼ਕਾਂ ਵੱਲੋਂ ਇਤਰਾਜ਼ ਜ਼ਾਹਿਰ ਕੀਤੇ ਗਏ ਸਨ, ਜਿਸ ਮਗਰੋਂ ਫਿਲਮ ਵਿੱਚ ਕਈ ਤਬਦੀਲੀਆਂ ਵੀ ਕੀਤੀਆਂ ਗਈਆਂ ਸਨ। ਇਸ ਫਿਲਮ ਨੇ ਕੁੱਲ 410 ਕਰੋੜ ਰੁਪਏ ਦੀ ਕਮਾਈ ਕੀਤੀ ਹੈ। -ਆਈਏਐੱਨਐੱਸ