Mann ki Baat ਮਹਾਕੁੰਭ ਸਮਾਜ ’ਚੋਂ ਨਫ਼ਰਤ ਖ਼ਤਮ ਕਰਨ ਤੇ ਏਕਤਾ ਦਾ ਸੁਨੇਹਾ: ਮੋਦੀ
ਨਵੀਂ ਦਿੱਲੀ, 29 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਗਾਮੀ ‘ਮਹਾ ਕੁੰਭ’ ਨੂੰ ‘ਏਕਤਾ ਦਾ ਮਹਾਕੁੰਭ’ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚੋਂ ਨਫ਼ਰਤ ਤੇ ਵੰਡੀਆਂ ਖ਼ਤਮ ਕਰਨ ਦੇ ਅਹਿਦ ਨਾਲ ਇਸ ਵਿਸ਼ਾਲ ਧਾਰਮਿਕ ਇਕੱਠ ਵਿਚੋਂ ਵਾਪਸ ਜਾਣ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿਚ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਮਹਾਕੁੰਭ ਕਾ ਸੰਦੇਸ਼, ਏਕ ਹੋ ਪੂਰਾ ਦੇਸ਼।’’ ਪ੍ਰਯਾਗਰਾਜ ਵਿਚ 13 ਜਨਵਰੀ ਤੋਂ ਸ਼ੁਰੂ ਹੋ ਰਹੇ ਮਹਾਕੁੰਭ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਕਤਾ ਵਿਚ ਅਨੇਕਤਾ’ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮਹਾਕੁੰਭ ਦੀ ਵਿਸ਼ੇਸ਼ਤਾ ਇਸ ਦੀ ਵਿਸ਼ਾਲਤਾ ਵਿਚ ਨਹੀਂ ਬਲਕਿ ਇਸ ਦੀ ਵੰਨ ਸੁਵੰਨਤਾ ਵਿਚੋਂ ਵੀ ਝਲਕਦੀ ਹੈ। ਮਹਾਕੁੰਭ ਜਿਹਾ ਵਿਸ਼ਾਲ ਧਾਰਮਿਕ ਸਮਾਗਮ 12 ਸਾਲਾਂ ਵਿਚ ਇਕ ਵਾਰ ਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਗਲਾ ਗਣਤੰਤਰ ਦਿਵਸ ਦੇਸ਼ ਦਾ ਸੰਵਿਧਾਨ ਲਾਗੂ ਕਰਨ ਦੀ 75ਵੀਂ ਵਰ੍ਹੇਗੰਢ ਹੋਵੇਗਾ, ਜੋ ਦੇਸ਼ਵਾਸੀਆਂ ਲਈ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੰਵਿਧਾਨ ਸਮੇਂ ਦੀ ਹਰ ਕਸਵੱਟੀ ਉੱਤੇ ਖਰਾ ਉੱਤਰਿਆ ਹੈ। ਉਨ੍ਹਾਂ ਕਿਹਾ, ‘‘ਇਹ ਸਾਡਾ ਰਾਹਦਸੇਰਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਵਿਚ ਇਸ ਮੁਕਾਮ ਉੱਤੇ ਸੰਵਿਧਾਨ ਕਰਕੇ ਹੀ ਪੁੱਜੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਵਿਧਾਨ ਵਿਚਲੀਆਂ ਵਿਵਸਥਾਵਾਂ ਤੇ ਭਾਵਨਾਵਾਂ ਨਾਲ ਜੋੜਨ ਲਈ ‘ਕੰਸਟੀਟਿਊਸ਼ਨ 75 ਡਾਟਕਾਮ’ ਨਾਂ ਦੀ ਵੈੱਬਸਾਈਟ ਸ਼ੁਰੂ ਕੀਤੀ ਗਈ ਹੈ। -ਪੀਟੀਆਈ