'Mann Ki Baat': ਮੋਦੀ ਨੇ ਵਿਦਿਆਰਥੀਆਂ ਨੂੰ ਐੱਨਸੀਸੀ ’ਚ ਸ਼ਾਮਲ ਹੋਣ ਲਈ ਪ੍ਰੇਰਿਆ
ਨਵੀਂ ਦਿੱਲੀ, 24 ਨਵੰਬਰ
Narendra Modi:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੇਡੀਓ ਟਾਕ ਸ਼ੋਅ ‘ਮਨ ਕੀ ਬਾਤ’ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਨਾਲ ਜੁੜਨ ਲਈ ਪ੍ਰੇਰਿਆ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਐੱਨਸੀਸੀ ਦਿਵਸ ਹੈ। ਐੱਨਸੀਸੀ ਸਾਨੂੰ ਸਾਡੇ ਸਕੂਲ ਅਤੇ ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਵੀ ਇੱਕ ਐੱਨਸੀਸੀ ਕੈਡੇਟ ਰਹੇ ਹਨ ਅਤੇ ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇਸ ਤੋਂ ਮਿਲਿਆ ਤਜਰਬਾ ਅਨਮੋਲ ਹੈ। ਐੱਨਸੀਸੀ ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਸੇਵਾ ਦੀ ਭਾਵਨਾ ਪੈਦਾ ਕਰਦੀ ਹੈ, ਤੁਸੀਂ ਆਪਣੇ ਆਸ-ਪਾਸ ਦੇਖਿਆ ਹੋਵੇਗਾ, ਹੜ੍ਹ ਹੋਵੇ ਜਾਂ ਭੂਚਾਲ ਹੋਵੇ ਜਾਂ ਕੋਈ ਹਾਦਸਾ ਹੋਵੇ, ਐਨਸੀਸੀ ਕੈਡਿਟ ਉੱਥੇ ਜ਼ਰੂਰ ਪੁੱਜਦੇ ਹਨ ਤੇ ਲੋਕਾਂ ਦੀ ਮਦਦ ਕਰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਐਨਸੀਸੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 2014 ਵਿੱਚ ਲਗਪਗ 14 ਲੱਖ ਨੌਜਵਾਨ ਐਨਸੀਸੀ ਵਿੱਚ ਸ਼ਾਮਲ ਸਨ ਤੇ ਹੁਣ ਸਾਲ 2024 ਵਿੱਚ ਦੋ ਲੱਖ ਤੋਂ ਵੱਧ ਨੌਜਵਾਨ ਐਨਸੀਸੀ ਵਿੱਚ ਸ਼ਾਮਲ ਹੋਏ। ਪਹਿਲਾਂ ਦੇ ਮੁਕਾਬਲੇ ਹੁਣ 5,000 ਤੋਂ ਵੱਧ ਸਕੂਲ ਅਤੇ ਕਾਲਜ ਐਨਸੀਸੀ ਦਾ ਹਿੱਸਾ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਐੱਨਸੀਸੀ ਵਿੱਚ ਲੜਕੀਆਂ ਦੀ ਗਿਣਤੀ ਲਗਪਗ 25 ਫੀਸਦੀ ਸੀ ਜੋ ਹੁਣ 40 ਫੀਸਦੀ ਦੇ ਕਰੀਬ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਸਵਾਮੀ ਵਿਵੇਕਾਨੰਦ ਦੀ 162ਵੀਂ ਜੈਅੰਤੀ ਹੈ। ਇਸ ਵਾਰ ਇਹ ਵਿਸ਼ੇਸ਼ ਤਰੀਕੇ ਨਾਲ ਮਨਾਈ ਜਾਵੇਗੀ। ਇਸ ਮੌਕੇ 11 ਅਤੇ 12 ਜਨਵਰੀ ਨੂੰ ਦਿੱਲੀ ਵਿਚ ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ’ ਕਰਵਾਇਆ ਜਾਵੇਗਾ।