Manmohan Singh memorial: ਨਵਜੋਤ ਸਿੱਧੂ ਨੇ ਰਾਸ਼ਟਰਪਤੀ ਮੁਰਮੂ ਨੂੰ ਲਿਖਿਆ ਪੱਤਰ
ਚੰਡੀਗੜ੍ਹ, 29 ਦਸੰਬਰ
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਕੇਂਦਰ ਨੂੰ ਰਾਜ ਘਾਟ ਕੰਪਲੈਕਸ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਕੀਤੀ।
ਨਵਜੋਤ ਸਿੱਧੂ ਨੇ ਇਹ ਪੱਤਰ ਕਾਂਗਰਸ ਦੇ ਕੇਂਦਰ ’ਤੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ ’ਤੇ ਕਰਕੇ ਅਪਮਾਨ ਕਰਨ ਦੇ ਦੋਸ਼ ਲਾਉਣ ਤੋਂ ਇੱਕ ਦਿਨ ਬਾਅਦ ਲਿਖਿਆ ਹੈ।
ਵਿਰੋਧੀ ਪਾਰਟੀ ਨੇ ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਲਈ ਨਿਰਧਾਰਤ ਸਥਾਨ ਦੀ ਪਛਾਣ ਕਰਨ ਲਈ ਕੇਂਦਰ ਨੂੰ ਪੱਤਰ ਲਿਖਿਆ ਸੀ ਤਾਂ ਕਿ ਉੱਥੇ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ। ਕੇਂਦਰ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਇੱਕ ਯਾਦਗਾਰ ਸਥਾਪਤ ਕਰਨ ਦਾ ਫ਼ੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਸਥਾਨ ਦੀ ਪਛਾਣ ਕਰਨ ਲਈ ਇੱਕ ਟਰੱਸਟ ਬਣਾਇਆ ਜਾਵੇਗਾ।
ਨਵਜੋਤ ਸਿੱਧੂ ਨੇ ਐਕਸ ’ਤੇ ਸਾਂਝੇ ਕੀਤੇ ਪੱਤਰ ਵਿੱਚ ਲਿਖਿਆ, ‘‘ਇਹ ਸਿਰਫ ਇੱਕ ਯਾਦਗਾਰ ਬਾਰੇ ਨਹੀਂ ਸਗੋਂ ਇਹ ਇਤਿਹਾਸਕ ਨਿਯਮਾਂ ਅਤੇ ਸਾਡੇ ਲੋਕਤੰਤਰ ਦੀ ਸ਼ਾਨ ਨੂੰ ਬਰਕਰਾਰ ਰੱਖਣ ਬਾਰੇ ਹੈ। ਭਾਰਤ ਨੂੰ ਘਟੀਆ ਅਤੇ ਹੋਛੀ ਸਿਆਸਤ ਤੋਂ ਉੱਪਰ ਉੱਠਣਾ ਚਾਹੀਦਾ ਹੈ।’’ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਲਿਖਿਆ, ‘‘ਮੈਂ ਤੁਹਾਡੇ ਮਾਣਯੋਗ ਦਫ਼ਤਰ ਨੂੰ ਇਹ ਯਕੀਨੀ ਬਣਾਉਣ ਲਈ ਦਖ਼ਲ ਦੇਣ ਅਤੇ ਸਰਕਾਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕਰਦਾ ਹਾਂ ਕਿ ਰਾਜ ਘਾਟ ਕੰਪਲੈਕਸ ’ਤੇ ਡਾ. ਮਨਮੋਹਨ ਸਿੰਘ ਦੀ ਯਾਦਗਾਰ ਸਥਾਪਤ ਕੀਤੀ ਜਾਵੇ ਤਾਂ ਕਿ ਇਸ ਪਰੰਪਰਾ ਦੇ ਮਾਣ ਨੂੰ ਕਾਇਮ ਰੱਖਿਆ ਜਾਵੇ।’’
ਨਵਜੋਤ ਸਿੱਧੂ ਨੇ ਲਿਖਿਆ, ‘‘ਮੈਂ ਤੁਹਾਨੂੰ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਰਾਜ ਘਾਟ ਕੰਪਲੈਕਸ ਵਿਖੇ ਇੱਕ ਯਾਦਗਾਰ ਸਥਾਪਤ ਕਰਨ ਦੀ ਲੋੜ ਬਾਰੇ ਡੂੰਘੀ ਚਿੰਤਾ ਅਤੇ ਡੂੰਘੇ ਵਿਸ਼ਵਾਸ ਨਾਲ ਲਿਖ ਰਿਹਾ ਹਾਂ, ਜੋ ਕਿ ਸਾਡੇ ਰਾਸ਼ਟਰ ਦੀ ਵਿਰਾਸਤ ਨੂੰ ਯਾਦ ਕਰਨ ਦੀ ਸ਼ਾਨਦਾਰ ਪਰੰਪਰਾ ਦਾ ਪ੍ਰਤੀਕ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਗੁਲਜ਼ਾਰੀਲਾਲ ਨੰਦਾ ਵਰਗੇ (ਨਿਗਰਾਨ) ਪ੍ਰਧਾਨ ਮੰਤਰੀ ਸਣੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਲਈ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ’ਚ ਯਾਦਗਾਰ ਸਥਾਪਤ ਕੀਤੀ ਗਈ ਹੈ।’’
ਉਨ੍ਹਾਂ ਲਿਖਿਆ, ‘‘ਇਨ੍ਹਾਂ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਲਈ ਸ਼ਾਂਤੀ ਵੈਨ, ਸ੍ਰੀ ਲਾਲ ਬਹਾਦਰ ਸ਼ਾਸਤਰੀ ਲਈ ਵਿਜੇ ਘਾਟ, ਸ੍ਰੀਮਤੀ ਇੰਦਰਾ ਗਾਂਧੀ ਲਈ ਸ਼ਕਤੀ ਸਥਲ, ਰਾਜੀਵ ਗਾਂਧੀ ਲਈ ਵੀਰ ਭੂਮੀ ਅਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਲਈ ਸਦੈਵ ਅਟਲ ਸ਼ਾਮਲ ਹਨ।’’
ਸਿੱਧੂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ਇਨ੍ਹਾਂ ਸਾਰੇ ਨੇਤਾਵਾਂ ਦੀਆਂ ਯਾਦਗਾਰ ਰਾਜ ਘਾਟ ਕੰਪਲੈਕਸ ’ਤੇ ਸਥਾਪਤ ਕੀਤੀਆਂ ਗਈਆਂ ਪਰ ਹੁਣ ਪਰੰਪਰਾ ਤੋੜਦਿਆਂ ਡਾ. ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ ’ਤੇ ਕੀਤਾ ਗਿਆ, ਜਿੱਥੇ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਦਾ ਅੰਤਿਮ ਸੰਸਕਾਰ ਨਹੀਂ ਹੋਇਆ ਅਤੇ ਉਨ੍ਹਾਂ ਦੀ ਸ਼ਾਨਦਾਰ ਵਿਰਾਸਤ ਨੂੰ ਯਾਦ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ।
ਸਿੱਧੂ ਨੇ ਦੋਸ਼ ਲਾਏ, ‘‘ਇਹ ਜ਼ਿਕਰ ਕਰਨਾ ਚਿੰਤਾਜਨਕ ਹੈ ਕਿ ਪਰੰਪਰਾ ਤੋਂ ਦੂਰ ਜਾਣ ਪਿੱਛੇ ਮੁੱਖ ਕਾਰਨ ਅਸੁਰੱਖਿਆ ਅਤੇ ਸਿਆਸੀ ਪੱਖਪਾਤ ਦਿਖਾਈ ਦੇ ਰਿਹਾ ਹੈ।’’ ਸਿੱਧੂ ਨੇ ਕਿਹਾ ਕਿ ਨੇਤਾਵਾਂ ਨੂੰ ਯਾਦਗਾਰਾਂ ਦੇ ਕੇ ਸਨਮਾਨਿਤ ਕਰਨਾ ਭਾਰਤ ਦੀ ਲੋਕਤੰਤਰੀ ਕਦਰਾਂ-ਕੀਮਤਾਂ ਦਾ ਅਨਿੱਖੜਵਾਂ ਅੰਗ ਰਿਹਾ ਹੈ, ਸਿਆਸੀ ਵਖਰੇਵਿਆਂ ਤੋਂ ਪਰੇ ਹੈ। -ਪੀਟੀਆਈ