Manmohan Singh Memorial: ਪਰਿਵਾਰ ਨੇ ਕੇਂਦਰ ਤੋਂ ਵੇਰਵੇ ਮੰਗੇ
ਅਦਿਤੀ ਟੰਡਨ
ਨਵੀਂ ਦਿੱਲੀ, 14 ਜਨਵਰੀ
ਡਾ. ਮਨਮੋਹਨ ਸਿੰਘ ਯਾਦਗਾਰ ਬਾਰੇ ਪਹਿਲੀ ਵਾਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਿਵਾਰ ਨੇ ਅੱਜ ਕਿਹਾ ਕਿ ਉਸ ਨੂੰ ਸੋਚਣ ਲਈ ਹੋਰ ਸਮਾਂ ਚਾਹੀਦਾ ਹੈ। ਵਿਸ਼ੇਸ਼ ਗੱਲਬਾਤ ਡਾ. ਮਨਮੋਹਨ ਸਿੰਘ ਦੀ ਧੀ ਦਮਨ ਸਿੰਘ ਨੇ ਸਰਕਾਰ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘ਸਰਕਾਰ ਨੇ ਕੌਮੀ ਸਮ੍ਰਿਤੀ ਸਥਲ ਅੰਦਰ ਵਿਸ਼ੇਸ਼ ਸਥਾਨ ਨਿਰਧਾਰਤ ਕੀਤਾ ਹੈ, ਜਿੱਥੇ ਸਾਡਾ ਪਰਿਵਾਰ ਯਾਦਗਾਰ ਬਣਾ ਕੇ ਉਸ ਦੀ ਸੰਭਾਲ ਕਰੇਗਾ।’ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਹੁਣ ਵੀ ਕੇਂਦਰ ਦੀ ਤਜਵੀਜ਼ ਦੀਆਂ ਸ਼ਰਤਾਂ ਨੂੰ ਸਮਝਣ ਦੀ ਲੋੜ ਹੈ ਤੇ ਉਨ੍ਹਾਂ ਇਸ ’ਤੇ ਕੇਂਦਰ ਤੋਂ ਸਪਸ਼ਟ ਵੇਰਵੇ ਮੰਗੇ ਹਨ।
ਡਾ. ਮਨਮੋਹਨ ਸਿੰਘ ਯਾਦਗਾਰ ਬਾਰੇ ਪਰਿਵਾਰ ਦਾ ਰੁਖ਼ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਹ ਆਖੇ ਜਾਣ ਤੋਂ ਛੇ ਦਿਨਾਂ ਮਗਰੋਂ ਸਾਹਮਥੇ ਆਇਆ ਕਿ ਇਸ ਮੁੱਦੇ ’ਤੇ ਚੰਗੀ ਖ਼ਬਰ ਆਉਣ ਵਾਲੀ ਹੈ। ਦਮਨ ਸਿੰਘ ਨੇ ਇਹ ਵੀ ਕਿਹਾ, ‘ਪਰਿਵਾਰ ਹਾਲੇ ਸਦਮੇ ’ਚ ਹੈ। ਇਸ ਬਾਰੇ ਗੰਭੀਰਤਾ ਨਾਲ ਸੋਚਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ।’ ਉਨ੍ਹਾਂ ਸੰਕੇਤ ਦਿੱਤਾ ਕਿ ਮਨਮੋਹਨ ਸਿੰਘ ਯਾਦਗਾਰ ਨੂੰ ਅੰਤਿਮ ਰੂਪ ਦੇਣ ਦਾ ਮਾਮਲਾ ਮੁੱਢਲੇ ਪੜਾਅ ’ਚ ਹੈ।
ਇੱਥੇ ਕਈ ਆਗੂਆਂ ਦੀਆਂ ਹਨ ਯਾਦਗਾਰਾਂ
ਕੌਮੀ ਸਮ੍ਰਿਤੀ ਸਥਲ, ਨਵੀਂ ਦਿੱਲੀ ’ਚ ਏਕਤਾ ਸਥਲ ਦੇ ਨੇੜੇ ਸਥਿਤ ਹੈ ਜਿਸਨੂੰ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਕੈਬਨਿਟ ਵੱਲੋਂ ਤੈਅ ਕੀਤੇ ਗਏ ਹੋਰ ਨੇਤਾਵਾਂ ਦੇ ਸਸਕਾਰ ਲਈ ਸਮਰਪਿਤ ਸਥਾਨ ਸਥਾਪਤ ਕਰਨ ਲਈ ਬਣਾਇਆ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਆਈਕੇ ਗੁਜਰਾਲ ਅਤੇ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਵੀ ਇੱਥੇ ਹੀ ਹਨ। ਹਾਲਾਂਕਿ, ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ’ਤੇ ਕੀਤਾ ਗਿਆ ਸੀ, ਜੋ ਰਵਾਇਤ ਤੋਂ ਹਟ ਕੇ ਸੀ ਜਿਸਦੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਨੇ ਵੀ ਕਾਫ਼ੀ ਆਲੋਚਨਾ ਕੀਤੀ ਸੀ। ਪਿਛਲੇ ਹਫ਼ਤੇ ਇੱਥੇ ਮਰਹੂਮ ਰਾਸ਼ਟਰਪਤੀ ਪ੍ਰਣਬ ਮੁਖਰਜੀ ਲਈ ਇੱਕ ਸਮਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ।