ਮਨਮੋਹਨ ਸਿੰਘ ਨੇ ਸਭ ਤੋਂ ਭ੍ਰਿਸ਼ਟ ਸਰਕਾਰ ਦੀ ਅਗਵਾਈ ਕੀਤੀ: ਭਾਜਪਾ
ਨਵੀਂ ਦਿੱਲੀ, 3 ਅਪਰੈਲ
ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਾ ਸਿਰਫ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਭ੍ਰਿਸ਼ਟ ਸਰਕਾਰ ਦੀ ਅਗਵਾਈ ਕੀਤੀ ਬਲਕਿ ਆਪਣੇ ਕਾਰਜਕਾਲ ਦੌਰਾਨ ਭਾਰਤੀਆਂ ਨੂੰ ਹੋਰ ਗ਼ਰੀਬ ਬਣਾਇਆ। ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਰਤੀਆਂ ਨੂੰ ਵਧੇਰੇ ਅਮੀਰ ਬਣਾਇਆ। ਇਹ ਪ੍ਰਗਟਾਵਾ ਭਾਜਪਾ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕੀਤਾ। ਉਨ੍ਹਾਂ ਕਿਹਾ, ‘‘ਇਹੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਸਦਾ ਕਾਇਮ ਰਹਿਣ ਵਾਲੀ ਵਿਰਾਸਤ ਹੈ।’’ ਭਾਜਪਾ ਦੀ ਇਹ ਟਿੱਪਣੀ ਡਾ. ਮਨਮੋਹਨ ਸਿੰਘ ਦੀ ਰਾਜ ਸਭਾ ਤੋਂ 33 ਸਾਲਾਂ ਬਾਅਦ ਹੋਈ ਸੇਵਾਮੁਕਤੀ ਦੇ ਸਬੰਧ ਵਿੱਚ ਆਈ।
ਮਾਲਵੀਆ ਨੇ ਕਿਹਾ, ‘‘ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 33 ਸਾਲਾਂ ਬਾਅਦ ਰਾਜ ਸਭਾ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ 2004 ਤੋਂ 2014 ਵਿਚਾਲੇ ਸਭ ਤੋਂ ਸਿਖ਼ਰਲੇ ਅਹੁਦੇ ’ਤੇ ਕੰਮ ਕੀਤਾ। ਡਾ. ਮਨਮੋਹਨ ਸਿੰਘ ਜਿਨ੍ਹਾਂ ਦੀ ਇਕ ਵਿਦਵਾਨ ਅਰਥ ਸ਼ਾਸਤਰੀ ਵਜੋਂ ਸ਼ਲਾਘਾ ਕੀਤੀ ਜਾਂਦੀ ਹੈ, ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਭਾਰਤ ਨੂੰ ਗ਼ਰੀਬ ਬਣਾ ਦਿੱਤਾ ਸੀ।’’ ਮਾਲਵੀਆ ਨੇ ਕਿਹਾ, ‘‘ਮਨਮੋਹਨ ਸਿੰਘ ਨੇ ਨਾ ਸਿਰਫ਼ ਭਾਰਤ ਦੇ ਇਤਿਹਾਸ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਦੀ ਅਗਵਾਈ ਕੀਤੀ ਬਲਕਿ ਉਨ੍ਹਾਂ ਭਾਰਤੀਆਂ ਨੂੰ ਹੋਰ ਗ਼ਰੀਬ ਬਣਾ ਦਿੱਤਾ ਸੀ। ਇਸ ਦੇ ਉਲਟ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਨੇ ਭਾਰਤੀਆਂ ਨੂੰ ਵਧੇਰੇ ਅਮੀਰ ਬਣਾਇਆ।’’ -ਪੀਟੀਆਈ
ਪਿਛਲੇ 10 ਸਾਲ ਸਾਡੇ ਅਰਥਚਾਰੇ ਲਈ ‘ਕਾਲਾ ਦਹਾਕਾ’: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਆਲੋਚਨਾ ਕਰਨ ਲਈ ਭਾਜਪਾ ’ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਜਿੱਥੇ ਇਕ ਪਾਸੇ ਮਨਮੋਹਨ ਸਿਘ ਦੀ ਸਰਕਾਰ ਨੇ ਭਾਰਤ ਦੇ ਅਰਥਚਾਰੇ ਤੇ ਸਮਾਜ ਵਿੱਚ ਵੱਡੀ ਤਬਦੀਲੀ ਲਿਆਂਦੀ ਸੀ, ਉੱਥੇ ਹੀ ਪਿਛਲੇ 10 ਸਾਲ ਭਾਰਤੀ ਅਰਥਚਾਰੇ ਲਈ ‘ਕਾਲਾ ਦਹਾਕਾ’ ਸਾਬਿਤ ਹੋਏ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਭਾਜਪਾ ਦੇ ਟਰੋਲ ਮਾਸਟਰ ਅਮਿਤ ਮਾਲਵੀਆ ਅੱਜ ਬੇਹੂਦਗੀ ਦੀ ਨਵੀਂ ਉਚਾਈ ’ਤੇ ਪਹੁੰਚ ਗਏ ਹਨ। ਉਹ ਝੂਠੇ ਅੰਕੜੇ ਪੇਸ਼ ਕਰਨ ਲਈ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ ਪਰ ਅੱਜ ਉਨ੍ਹਾਂ ਨੇ ਝੂਠ ਦਾ ਨਵਾਂ ਅੰਕੜਾ ਇਜਾਦ ਕੀਤਾ ਹੈ।’’ -ਪੀਟੀਆਈ