ਮਨਮੋਹਨ ਸਿੰਘ ਵੱਡੇ ਸਤਿਕਾਰ ਤੇ ਯਾਦਗਾਰ ਦੇ ਹੱਕਦਾਰ: ਰਾਹੁਲ
ਨਵੀਂ ਦਿੱਲੀ, 28 ਦਸੰਬਰ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅੱਜ ਨਿਗਮਬੋਧ ਘਾਟ ਵਿਚ ਕੀਤੇ ਸਸਕਾਰ ਦੇ ਹਵਾਲੇ ਨਾਲ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਾਬਕਾ ਵਿੱਤ ਮੰਤਰੀ (ਮਨਮੋਹਨ ਸਿੰਘ) ‘ਸਿਖਰਲੇ ਸਤਿਕਾਰ ਤੇ ਯਾਦਗਾਰ’ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੌਜੂਦਾ (ਭਾਜਪਾ) ਸਰਕਾਰ ਨੇ ਉਨ੍ਹਾਂ ਦਾ ਨਿਰਾਦਰ ਕੀਤਾ ਹੈ। ਗਾਂਧੀ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ, ‘‘ਮੌਜੂਦਾ ਸਰਕਾਰ ਨੇ ਭਾਰਤ ਦੇ ਮਹਾਨ ਸਪੂਤ ਤੇ ਸਿੱਖ ਭਾਈਚਾਰੇ ਦੇ ਪਹਿਲੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਜੀ ਦਾ ਅੱਜ ਨਿਗਮਬੋਧ ਘਾਟ ਵਿਖੇ ਅੰਤਿਮ ਸੰਸਕਾਰ ਕਰਕੇ ਘੋਰ ਨਿਰਾਦਰ ਕੀਤਾ ਹੈ।’’ ਗਾਂਧੀ ਨੇ ਕਿਹਾ ਕਿ ਸਿੰਘ ਇਕ ਦਹਾਕੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ‘ਇਕਨੌਮਿਕ ਸੁਪਰਪਾਵਰ’ ਬਣਿਆ ਤੇ ਉਨ੍ਹਾਂ ਵੱਲੋਂ ਬਣਾਈਆਂ ਨੀਤੀਆਂ ਅਜੇ ਵੀ ਦੇਸ਼ ਦੇ ਗਰੀਬਾਂ ਤੇ ਪੱਛੜੇ ਵਰਗਾਂ ਲਈ ਕਾਰਗਰ ਹਨ। ਕਾਂਗਰਸ ਆਗੂ ਨੇ ਕਿਹਾ, ‘‘ਹੁਣ ਤੱਕ, ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਗੌਰਵ ਦਾ ਸਤਿਕਾਰ ਕਰਦਿਆਂ, ਉਨ੍ਹਾਂ ਦੀਆਂ ਅੰਤਿਮ ਰਸਮਾਂ ਅਧਿਕਾਰਤ ਥਾਂ ਉੱਤੇ ਕੀਤੀਆਂ ਜਾਂਦੀਆਂ ਹਨ ਤਾਂ ਕਿ ਹਰੇਕ ਵਿਅਕਤੀ ਬਿਨਾਂ ਕਿਸੇ ਅਸੁਵਿਧਾ ਦੇ ਉਨ੍ਹਾਂ ਦੇ ਦਰਸ਼ਨ ਤੇ ਸ਼ਰਧਾਂਜਲੀ ਭੇਟ ਕਰ ਸਕੇ। ਡਾ. ਮਨਮੋਹਨ ਸਿੰਘ ਸਾਡੇ ਵੱਡੇ ਸਤਿਕਾਰ ਤੇ ਯਾਦਗਾਰ ਦੇ ਹੱਕਦਾਰ ਹਨ। ਸਰਕਾਰ ਨੂੰ ਦੇਸ਼ ਦੇ ਇਸ ਮਹਾਨ ਸਪੂਤ ਤੇ ਉਨ੍ਹਾਂ ਦੇ ਸਤਿਕਾਰਤ ਭਾਈਚਾਰੇ ਪ੍ਰਤੀ ਆਦਰ ਦਿਖਾਉਣਾ ਚਾਹੀਦਾ ਸੀ।’’ ਕਾਬਿਲੇਗੌਰ ਹੈ ਕਿ ਕਾਂਗਰਸ ਨੇ ਮੰਗ ਕੀਤੀ ਸੀ ਕਿ ਸਿੰਘ ਦਾ ਸਸਕਾਰ ਅਜਿਹੀ ਥਾਂ ਉੱਤੇ ਕੀਤਾ ਜਾਵੇ, ਜਿੱਥੇ ਮਗਰੋਂ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ। -ਏਐੱਨਆਈ