ਮਨਜੀਤ ਦੇ ਪਿਆਜ਼ ਨੂੰ ਮਿਲਿਆ ਪਹਿਲਾ ਸਥਾਨ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਕਈ ਹੋਰ ਸੂਬਿਆਂ ਤੋਂ ਆਏ ਲੋਕਾਂ ਨੇ ਆਪੋ-ਆਪਣੇ ਸਟਾਲ ਲਾਏ ਹੋਏ ਹਨ। ਇਸ ਮੇਲੇ ਵਿੱਚ ਹੀ ਇੱਕ ਸਟਾਲ ਲਾਈ ਬੈਠੇ ਮਾਨਸਾ ਜ਼ਿਲ੍ਹੇ ਦੇ ਮਨਜੀਤ ਸਿੰਘ ਵੱਲੋਂ ਤਿਆਰ ਕੀਤੇ ਪਿਆਜ਼ ਨੂੰ ਮੁਕਾਬਲੇ ਵਿੱਚ ਪਹਿਲਾ ਸਥਾਨ ਮਿਲਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਇਸ ਕਿਸਾਨ ਨੂੰ ਪਿਆਜ਼ ਦੀ ਖੇਤੀ ਕਰ ਕੇ ਮੁੱਖ ਮੰਤਰੀ ਐਵਾਰਡ ਮਿਲ ਚੁੱਕਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 5 ਕਿੱਲ੍ਹੇ ਪਿਆਜ਼ ਦੀ ਖੇਤੀ ਕੀਤੀ ਹੋਈ ਹੈ। ਉਸ ਦੀ ਕੁੱਲ ਖੇਤੀਯੋਗ ਜ਼ਮੀਨ ਵਿੱਚੋਂ 80 ਫੀਸਦੀ ਜ਼ਮੀਨ ’ਤੇ ਪਿਆਜ਼ ਦੀ ਖੇਤੀ ਕਰਨ ਕਰ ਕੇ ਹੀ ਉਸ ਨੂੰ ਸਾਲ 2022-23 ਵਿੱਚ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ ਕਿਸਾਨ ਮੇਲੇ ਵਿੱਚ ਪਹੁੰਚੇ ਇਸ ਕਿਸਾਨ ਨੇ ਦੱਸਿਆ ਕਿ ਉਸ ਨੇ ਆਪਣੇ ਪਿਆਜ਼ ਦੀ ਇੱਕ ਕਿਸਮ ਜਿਨਸ ਮੁਕਾਬਲੇ ਲਈ ਲਿਆਂਦੀ ਸੀ। ਇਸ ਪਿਆਜ਼ ਦੀ ਕਿਸਮ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਮਨਜੀਤ ਨੇ ਦੱਸਿਆ ਕਿ ਪਿਆਜ਼ ਦੀ ਇਸ ਕਿਸਮ ਵਿੱਚ ਪ੍ਰਤੀ ਪਿਆਜ਼ ਦਾ ਭਾਰ 200 ਤੋਂ 400 ਗ੍ਰਾਮ ਤੱਕ ਹੋ ਜਾਂਦਾ ਹੈ। ਜਿਸ ਪਿਆਜ਼ ਨੂੰ ਪਹਿਲਾ ਇਨਾਮ ਮਿਲਿਆ, ਉਹ ਵੀ 300 ਗ੍ਰਾਮ ਪ੍ਰਤੀ ਪੀਸ ਦੇ ਲਗਪਗ ਹੈ।