ਮਨਜੀਤ ਸਿੰਘ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ
ਕੁਰੂਕਸ਼ੇਤਰ/ਸ਼ਾਹਬਾਦ (ਪੱਤਰ ਪ੍ਰੇਰਕ):
ਹਰਿਆਣਾ ਸਿੱਖ ਪੰਥਕ ਦਲ ਦੇ ਵਾਰਡ-13 ਦੇ ਉਮੀਦਵਾਰ ਮਨਜੀਤ ਸਿੰਘ ਨੇ ਅੱਜ ਪਿੰਡ ਮਛਰੌਲੀ, ਚਨਾਰਥਲ, ਮਦਨਪੁਰ, ਮੋਹਨਪੁਰ ਅਤੇ ਰਾਏ ਮਾਜਰਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਮਨਜੀਤ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਜਦੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ, ਉਸ ਸਮੇਂ ਹਰ ਗੁਰਦੁਆਰੇ ਵਿੱਚ ਅਖੰਡ ਪਾਠ ਦੀ ਭੇਟਾ 6500/- ਤੋਂ 7100/- ਰੁਪਏ ਸੀ। ਅੱਜ ਭਾਜਪਾ ਵੱਲੋਂ ਗਠਿਤ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਹਰ ਸਿੱਖ ’ਤੇ ਬੋਝ ਪਾ ਦਿੱਤਾ ਹੈ। ਮੌਜੂਦਾ ਸਥਿਤੀ ਇਹ ਹੈ ਕਿ ਗੁਰਦੁਆਰੇ ਵਿੱਚ ਪਾਠ ਕਰਵਾਉਣ ਲਈ ਪ੍ਰਬੰਧਕਾਂ ਨੂੰ 11 ਹਜ਼ਾਰ ਰੁਪਏ ਦੇਣੇ ਪੈਂਦੇ ਹਨ, ਜਦੋਂਕਿ ਘਰ ਜਾਂ ਆਪਣੇ ਨਿੱਜੀ ਸਥਾਨਾਂ ਵਿੱਚ ਪਾਠ ਕਰਵਾਉਣ ਵਾਲਿਆਂ ਨੂੰ ਵੀ 6500/- ਤੋਂ 7100/- ਰੁਪਏ ਦੇਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਪੰਥਕ ਦਲ ਸੰਗਤ ਨਾਲ ਵਾਅਦਾ ਕਰਦਾ ਹੈ ਕਿ ਜਿੱਤਣ ਤੋਂ ਬਾਅਦ ਸੰਗਤ ਲਈ 7100/- ਰੁਪਏ ਵਿੱਚ ਗੁਰਦੁਆਰੇ ਵਿੱਚ ਅਖੰਡ ਪਾਠ ਦੀ ਭੇਟਾ ਕਰਵਾਈ ਜਾਵੇਗੀ। ਉਨ੍ਹਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਕਿ ਹੁਣ ਉਨ੍ਹਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੁਖਵੰਤ ਸਿੰਘ ਕਲਸਾਣੀ, ਜਗਦੇਵ ਸਿੰਘ ਗਾਬਾ, ਦਲਵਿੰਦਰ ਸਿੰਘ, ਬਲਿਹਾਰ ਸਿੰਘ ਮਾਮੂਮਾਜਰਾ, ਹਰਭਜਨ ਸਿੰਘ ਸੇਠੀ, ਜਸਪਾਲ ਸਿੰਘ ਮੈਨੇਜਰ, ਮੋਹਨ ਸਿੰਘ, ਮਹਿੰਦਰ ਸਿੰਘ, ਰਣਬੀਰ ਸਿੰਘ, ਜਗਜੀਤ ਸਿੰਘ ਮੱਕੜ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਜੁਨੇਜਾ ਹਾਜ਼ਰ ਸਨ।