ਮਨਜੀਤ ਕੌਰ ਆਜ਼ਾਦ ਨੂੰ ਸਰਵੋਤਮ ਪੁਰਸਕਾਰ ਲਈ ਚੁਣਿਆ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 15 ਅਕਤੂਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨੇ ਗਏ ਸਰਵੋਤਮ ਪੁਰਸਕਾਰਾਂ ਵਿਚੋਂ ਸਾਲ 2022 ਦਾ ਆਲੋਚਨਾ ਦਾ ਵੱਕਾਰੀ ਪੁਰਸਕਾਰ ‘ਡਾ. ਅਤਰ ਸਿੰਘ ਪੁਰਸਕਾਰ’ ਡਾ. ਮਨਜੀਤ ਕੌਰ ਆਜ਼ਾਦ ਦੀ ਪੁਸਤਕ ‘ਵਿਸ਼ਵ ਸਭਿਆਚਾਰ ਬਨਾਮ ਸਥਾਨਕ ਸਭਿਆਚਾਰ’ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਮਨਜੀਤ ਕੌਰ ਆਜ਼ਾਦ ਇਥੋਂ ਦੇ ਆਰਐੱਸਡੀ ਕਾਲਜ ਵਿਚ ਪਿਛਲੇ 13 ਵਰ੍ਹਿਆਂ ਤੋਂ ਪੰਜਾਬੀ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਕਵਿਤਾ ਦੀਆਂ ਅਤੇ ਆਲੋਚਨਾ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਗੌਰਤਲਬ ਹੈ ਕਿ ਇਸ ਐਵਾਰਡੀ ਪੁਸਤਕ ਵਿਚ ਉਨ੍ਹਾਂ ਨੇ ਵਿਸ਼ਵੀਕਰਨ ਦੇ ਮਾਨਵੀ ਜ਼ਿੰਦਗੀ ਦੇ ਵਿਭਿੰਨ ਪੱਖਾਂ ਤੇ ਪਏ ਪ੍ਰਭਾਵਾਂ ਸਦਕਾ ਪਣਪ ਰਹੇ ਨਵ ਵਿਸ਼ਵ ਸੱਭਿਆਚਾਰ ਬਾਬਤ ਬਾਰੀਕ ਅਤੇ ਨਿੱਗਰ ਚਰਚਾ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਵਿਸ਼ਵ ਸੱਭਿਆਚਾਰ ਦੀ ਨਿਰਮਾਣ ਪ੍ਰਕਿਰਿਆ ਬਾਰੇ ਗਹਿਰ ਗੰਭੀਰ ਚਰਚਾ ਕਰਦਿਆਂ ਬੜੀ ਸਪਸ਼ਟਤਾ ਨਾਲ ਸਥਾਨਕ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ, ਸੰਕਟਾਂ ਅਤੇ ਦਵੰਧਾਂ ਬਾਰੇ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਥੋਂ ਦੇ ਜਿਸ ਕਾਲਜ ਵਿਚ ਡਾ. ਮਨਜੀਤ ਕੌਰ ਆਜ਼ਾਦ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਪਿਛਲੇ ਦਿਨੀਂ ਉਸ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਡਾ.ਮਨਜੀਤ ਤੇ ਉਨ੍ਹਾਂ ਦੇ ਦੋ ਹੋਰ ਪ੍ਰੋਫ਼ੈਸਰ ਸਾਥੀਆਂ ਨੂੰ ਅਚਨਚੇਤ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਆਪਣੀ ਬਹਾਲੀ ਲਈ ਪ੍ਰੋ.ਮਨਜੀਤ ਨੂੰ 52 ਦਿਨ ਤੱਕ ਆਪਣੇ ਸਾਥੀਆਂ ਨਾਲ ਦਿਨ-ਰਾਤ ਧਰਨੇ ’ਤੇ ਬੈਠਣਾ ਪਿਆ ਸੀ। ਫ਼ਿਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਕਾਲਜ ਕਮੇਟੀ ਵੱਲੋਂ ਉਨ੍ਹਾਂ ਨੂੰ ਮੁੜ ਜੁਆਇਨ ਤਾਂ ਕਰਵਾ ਲਿਆ ਗਿਆ ਪਰ ਇਸ ਪੁਰਸਕਾਰ ਵਿਜੇਤਾ ਨੂੰ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 11 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਕਲਾਪੀਠ ਸੰਸਥਾ ਦੇ ਪ੍ਰਧਾਨ ਪ੍ਰੋ. ਜਸਪਾਲ ਘਈ, ਜਨਰਲ ਸਕੱਤਰ ਸੁਖਜਿੰਦਰ, ਕੁਲਦੀਪ ਤੇ ਰਾਜੀਵ ਖ਼ਿਆਲ ਨੇ ਮਨਜੀਤ ਕੌਰ ਆਜ਼ਾਦ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।