ਮਨਜੀਤ ਔਲਖ ਨੂੰ ਮਿਲਿਆ ਗ਼ਦਰੀ ਬਾਬਾ ਪੁਰਸਕਾਰ
ਪੱਤਰ ਪ੍ਰੇਰਕ
ਜਲੰਧਰ, 10 ਜੂਨ
ਇਪਸਾ ਆਸਟ੍ਰੇਲੀਆ ਅਤੇ ਸਾਹਿਤ ਕਲਾ ਕੇਂਦਰ ਜਲੰਧਰ ਵੱਲੋਂ ਅੱਜ ਸੱਤਵਾਂ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸਕਾਰ ਲੋਕ ਪੱਖੀ ਰੰਗ ਕਰਮੀ ਅਤੇ ਬਹੁ-ਪੱਖੀ ਸ਼ਖਸੀਅਤ ਮਨਜੀਤ ਕੌਰ ਔਲਖ ਨੂੰ ਦਿੱਤਾ ਗਿਆ। ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਏ ਸਮਾਗਮ ‘ਚ ਮਹਾਨ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਘਾਲਣਾ ਨੂੰ ਸਿਜਦਾ ਕਰਦਿਆਂ ਪਿੰਡ ਠੱਠੀਆਂ (ਅੰਮ੍ਰਿਤਸਰ) ਤੋਂ ਆਏ ਗ਼ਦਰੀ ਬਾਬਾ ਦੇ ਪਰਿਵਾਰ ਦੀਆਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਆਗਾਜ਼ ਸਾਹਿਤ ਕਲਾ ਕੇਂਦਰ ਦੇ ਸਰਪ੍ਰਸਤ ਸੀਤਲ ਸਿੰਘ ਸੰਘਾ ਵੱਲੋਂ ਸਾਹਿਤ ਅਤੇ ਕਲਾ ਦੀ ਗਲਵੱਕੜੀ ਮਜ਼ਬੂਤ ਕਰਨ ਦੇ ਬੋਲਾਂ ਨਾਲ ਹੋਇਆ। ਇਸ ਮੌਕੇ ਸੀਤਲ ਸਿੰਘ ਸੰਘਾ ਦੀ ਪੁਸਤਕ ਚਿੰਤਨ ਲਹਿਰਾਂ ਲੋਕ ਅਰਪਣ ਕੀਤੀ ਗਈ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਮਨਜੀਤ ਔਲਖ ਦੇ ਜੀਵਨ ਦੇ ਸੁਖਾਂਤਕ ਅਤੇ ਦੁਖਾਂਤਕ ਸਫ਼ਰ ਵਿੱਚ ਲੋਕ ਰੰਗ ਮੰਚ ਪ੍ਰਤੀ ਸਮਰਪਣ ਦਾ ਰੇਖਾ ਚਿੱਤਰ ਪੇਸ਼ ਕੀਤਾ। ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਸਮਾਗਮ ਦੇ ਸਬੱਬ ਨਾਲ ਜੋੜ ਕੇ ਇਤਿਹਾਸ, ਸਾਹਿਤ, ਰੰਗ ਮੰਚ ਅਤੇ ਕਲਾ ਦੇ ਮਹੱਤਵ ਬਾਰੇ ਰੌਸ਼ਨੀ ਪਾਈ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਜਸਰੀਨ ਕੌਰ ਨੇ ਮਨਜੀਤ ਔਲਖ, ਪ੍ਰੋ ਅਜਮੇਰ ਔਲਖ, ਦੂਰਦਰਸ਼ਨ ਕੇਂਦਰ ਦੇ ਸਾਬਕਾ ਡਾਇਰੈਕਟਰ ਡਾ. ਹਰਜੀਤ ਸਿੰਘ, ਉੱਘੇ ਲੇਖਕ ਅਤੇ ਪੱਤਰਕਾਰ ਕੁਲਦੀਪ ਸਿੰਘ ਬੇਦੀ, ਸਵਿਤਾ ਤਿਵਾੜੀ ਨੇ ਪ੍ਰੋ. ਔਲਖ ਅਤੇ ਮਨਜੀਤ ਔਲਖ ਜੋੜੀ ਦੀਆਂ ਰੰਗ ਮੰਚੀ ਯਾਦਾਂ ਸਾਂਝੀਆਂ ਕੀਤੀਆਂ।