ਮਨੀਸ਼ ਤਿਵਾੜੀ ਨੇ ਸੰਸਦ ਵਿੱਚ ਮੈਟਰੋ ਦਾ ਮੁੱਦਾ ਚੁੱਕਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਨਵੰਬਰ
ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ਵਿੱਚ ਚੱਲ ਰਹੇ ਸਰਦ ਰੱਤ ਇਜਲਾਸ ਦੌਰਾਨ ਸਿਟੀ ਬਿਊਟੀਫੁੱਲ ਲਈ ਮੈਟਰੋ ਦਾ ਮੁੱਦਾ ਚੁੱਕਿਆ। ਸ੍ਰੀ ਤਿਵਾੜੀ ਨੇ ਸੰਸਦ ਵਿੱਚ ਪ੍ਰਸ਼ਨ ਪੱਛਦਿਆਂ ਕਿਹਾ ਕਿ ‘ਕੀ ਕੇਂਦਰ ਸਰਕਾਰ ਨੇ ਵਿਰਾਸਤੀ ਸੈਕਟਰਾਂ ਵਿੱਚ ਜ਼ਮੀਨਦੋਜ਼ ਮੈਟਰੋ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ?’ ਸ੍ਰੀ ਤਿਵਾੜੀ ਦੇ ਪ੍ਰਸ਼ਨ ਦਾ ਜਵਾਬ ਦਿੰਦਿਅਂ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਨੇ ਕਿਹਾ ਕਿ ਹਾਲੇ ਤੱਕ ਮੈਟਰੋ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।
ਸ੍ਰੀ ਤਿਵਾੜੀ ਨੇ ਸੰਸਦ ਵਿੱਚ ਪੁੱਛਿਆ ਕਿ ਜੇ ਮੈਟਰੋ ਸਬੰਧੀ ਕੋਈ ਵੀ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਉਸ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ। ਇਸ ਦੇ ਨਾਲ ਹੀ ਤਿਵਾੜੀ ਨੇ ਮੈਟਰੋ ਪ੍ਰਾਜੈਕਟ ਬਾਰੇ ਫੰਡਾਂ ਦੇ ਵੇਰਵੇ ਸਾਂਝੇ ਕਰਨ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਵੀ ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਮੈਟਰੋ ਪ੍ਰਾਜੈਕਟ ਬਾਰੇ ਕੋਈ ਪ੍ਰਵਾਨਗੀ ਹੀ ਨਹੀਂ ਦਿੱਤੀ ਗਈ ਹੈ ਤਾਂ ਇਹ ਜਾਣਕਾਰੀ ਸਾਂਝੀ ਕਰਨਾ ਮੁਸ਼ਕਲ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਭਾਜਪਾ ਵੱਲੋਂ 10 ਸਾਲਾਂ ਤੋਂ ਲੋਕਾਂ ਨੂੰ ਮੈਟਰੋ ਲਿਆਉਣ ਸਬੰਧੀ ਲਾਅਰੇ ਲਾਏ ਜਾ ਰਹੇ ਹਨ ਪਰ ਅਜੇ ਤੱਕ ਕੇਂਦਰ ਸਰਕਾਰ ਮੈਟਰੋ ਲਿਆਉਣ ਵਿੱਚ ਨਾਕਾਮ ਰਹਿ ਰਹੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਮੈਟਰੋ ਪ੍ਰਾਜੈਕਟ ਨੂੰ ਲੈ ਕੇ ਭਾਜਪਾ ਆਗੂ ਹੀ ਪਿਛਲੇ ਲੰਬੇ ਸਮੇਂ ਤੋਂ ਇਕ ਦੂਜੇ ਦਾ ਵਿਰੋਧ ਕਰਦੇ ਰਹੇ ਹਨ। ਪਿਛਲੇ ਦਿਨੀਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਮੈਟਰੋ ਪ੍ਰਾਜੈਕਟ ’ਤੇ ਇਤਰਾਜ਼ ਜਤਾਇਆ ਗਿਆ ਸੀ।