For the best experience, open
https://m.punjabitribuneonline.com
on your mobile browser.
Advertisement

ਮਨੀਸ਼ ਤਿਵਾੜੀ ਨੇ ਸੁਣੀਆਂ ਚੰਡੀਗੜ੍ਹ ਹਾਊਸਿੰਗ ਬੋਰਡ ਵਾਸੀਆਂ ਦੀਆਂ ਮੁਸ਼ਕਲਾਂ

09:01 AM Jul 07, 2024 IST
ਮਨੀਸ਼ ਤਿਵਾੜੀ ਨੇ ਸੁਣੀਆਂ ਚੰਡੀਗੜ੍ਹ ਹਾਊਸਿੰਗ ਬੋਰਡ ਵਾਸੀਆਂ ਦੀਆਂ ਮੁਸ਼ਕਲਾਂ
ਹਾਊਸਿੰਗ ਬੋਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 6 ਜੁਲਾਈ
ਚੰਡੀਗੜ੍ਹ ਦੇ ਨਵ-ਨਿਯੁਕਤ ਸੰਸਦ ਮੈਂਬਰ ਮਨੀਸ਼ ਤਿਵਾੜੀ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਗਰਮ ਹੋ ਗਏ ਹਨ। ਇਸ ਸਬੰਧੀ ਉਨ੍ਹਾਂ ਵਾਰਡ ਨੰਬਰ 34 ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦੀ ਪਹਿਲਕਦਮੀ ’ਤੇ ਅੱਜ ਇੱਥੋਂ ਦੇ ਸੈਕਟਰ-46 ਸਥਿਤ ਕਮਿਊਨਿਟੀ ਸੈਂਟਰ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਦੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਦੀਆਂ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਵਸਨੀਕਾਂ ਦੀਆਂ ਪਿਛਲੇ ਲਗਪਗ ਚਾਰ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਸੁਣੀਆਂ। ਮੀਟਿੰਗ ਵਿੱਚ ਫੈਡਰੇਸ਼ਨ ਦੇ ਨੁਮਾਇੰਦੇ ਪ੍ਰੋਫੈਸਰ ਨਿਰਮਲ ਦੱਤ, ਏਸੀ ਧਵਨ, ਵੀ.ਕੇ. ਨਿਰਮਲ ਅਤੇ ਤਰਸੇਮ ਸ਼ਰਮਾ ਸ਼ਾਮਲ ਸਨ। ਉਨ੍ਹਾਂ ਮਨੀਸ਼ ਤਿਵਾੜੀ ਨੂੰ ਕਿਹਾ ਕਿ ਬੋਰਡ ਫਲੈਟਾਂ ਦੇ ਅਲਾਟੀਆਂ ਨੂੰ ਉਨ੍ਹਾਂ ਦੇ ਫਲੈਟਾਂ ਵਿੱਚ ਲੋੜੀਂਦੀਆਂ ਤਬਦੀਲੀਆਂ ਅਤੇ ਉਸਾਰੀ ਸਬੰਧੀ ਸਥਾਈ ਤੌਰ ’ਤੇ ਰਾਹਤ ਦੇਣ ਲਈ ਦਿੱਲੀ ਕਮੇਟੀ ਦੀ ਤਰਜ਼ ’ਤੇ ‘ਵਨ ਟਾਈਮ ਸੈਟਲਮੈਂਟ’ ਹੀ ਢੁਕਵਾਂ ਅਤੇ ਅੰਤਿਮ ਹੱਲ ਹੈ।
ਉਨ੍ਹਾਂ ਦੱਸਿਆ ਕਿ ਹਾਊਸਿੰਗ ਬੋਰਡ ਦੇ 40,000 ਤੋਂ ਵੱਧ ਫਲੈਟਾਂ ਦੇ ਵਸਨੀਕਾਂ ਨੂੰ ਆਪਣੇ ਫਲੈਟਾਂ ਵਿੱਚ ਕੀਤੀਆਂ ਲੋੜ ਅਨੁਸਾਰ ਉਸਾਰੀਆਂ ਅਤੇ ਤਬਦੀਲੀਆਂ ਕਾਰਨ ਫਲੈਟਾਂ ਦੇ ਢਾਹੁਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ, ਜਿਸ ਸਬੰਧੀ ਬੋਰਡ ਵੱਲੋਂ ਨਾਜਾਇਜ਼ ਉਸਾਰੀਆਂ ਅਤੇ ਬਦਲੀਆਂ ਦੇ ਨਾਂ ’ਤੇ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਇਸ ਕਾਰਨ ਫਲੈਟ ਵਾਸੀਆਂ ਵਿੱਚ ਹਮੇਸ਼ਾ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ।
ਫੈਡਰੇਸ਼ਨ ਦੇ ਸਰਪ੍ਰਸਤ ਪ੍ਰੋਫ਼ੈਸਰ ਨਿਰਮਲ ਦੱਤ ਨੇ ਦੱਸਿਆ ਕਿ ਕਰੀਬ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਸੰਸਦ ਮੈਂਬਰ ਨੇ ਹਾਊਸਿੰਗ ਬੋਰਡ ਨਾਲ ਸਬੰਧਤ ਇਸ ਗੁੰਝਲਦਾਰ ਮੁੱਦੇ ਦੇ ਹਰ ਪਹਿਲੂ ਨੂੰ ਧਿਆਨ ਨਾਲ ਸੁਣਿਆਂ। ਮਨੀਸ਼ ਤਿਵਾੜੀ ਨੇ ਨੁਮਾਇੰਦਿਆਂ ਨੂੰ ਪਹਿਲੇ ਕਦਮ ਵਜੋਂ ਇਸ ਮੁੱਦੇ ’ਤੇ ਪ੍ਰਸ਼ਾਸਕ ਨੂੰ ਪੱਤਰ ਲਿਖਣ ਅਤੇ ਬੋਰਡ ਅਧਿਕਾਰੀ ਦੀ ਕਥਿਤ ਉਲੰਘਣਾਵਾਂ ਸਬੰਧੀ ਸੀਐੱਚਬੀ ਨਿਵਾਸੀਆਂ ਵਿਰੁੱਧ ਕੀਤੀ ਜਾ ਰਹੀ ਹਰ ਕਾਰਵਾਈ ਨੂੰ ਤੁਰੰਤ ਬੰਦ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਚੰਡੀਗੜ੍ਹ ਦੇ ਹਰ ਮਸਲੇ ਨੂੰ ਹੱਲ ਕੀਤਾ ਜਾਵੇ। ਮੀਟਿੰਗ ਦੌਰਾਨ ਸੰਸਦ ਮੈਂਬਰ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਹਰ ਸ਼ਹਿਰ ਵਾਸੀ ਨਾਲ ਜੁੜੀ ਸਮੱਸਿਆ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਿਗਮ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਵੀ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਅਲਾਟੀਆਂ ਦੇ ਹੱਕ ਵਿੱਚ ਮਨੀਸ਼ ਤਿਵਾੜੀ ਨੂੰ ਆਪਣਾ ਪੱਖ ਪੇਸ਼ ਕੀਤਾ ਅਤੇ ਸੰਸਦ ਮੈਂਬਰ ਨੂੰ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-46 ਦੇ ਪ੍ਰਧਾਨ ਬਲਵਿੰਦਰ ਸਿੰਘ ਉੱਤਮ, ਰਾਜੇਸ਼ ਵਿਮਲ ਰਾਜੂ, ਦਿਲਬਾਗ ਸਿੰਘ, ਸਚਪ੍ਰੀਤ ਕੌਰ, ਦਵਿੰਦਰ ਜੁਨੇਜਾ, ਹਰਕ੍ਰਿਸ਼ਨ ਸੈਣੀ, ਵਸੀਮ ਮੀਰ, ਮਨਮੋਹਨ, ਸ਼ਿਵਮ, ਅਮਨ ਸਲੇਚ, ਦੀਪਕ ਲੁਬਾਣਾ ਅਤੇ ਅੰਕਿਤ ਹਾਜ਼ਰ ਸਨ।

Advertisement

ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ 9 ਨੂੰ

ਚੰਡੀਗੜ੍ਹ (ਖ਼ੇਤਰੀ ਪ੍ਰਤੀਨਿਧ): ਚੰਡੀਗੜ੍ਹ ਨਗਰ ਨਿਗਮ ਹਾਊਸ ਦੀ 9 ਜੁਲਾਈ ਨੂੰ ਮੀਟਿੰਗ ਸੱਦੀ ਗਈ ਹੈ। ਮੀਟਿੰਗ ਵਿੱਚ ਸ਼ਹਿਰ ਦੇ ਨਵ-ਨਿਯੁਕਤ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਵੀ ਸ਼ਾਮਲ ਹੋਣ ਦੀ ਪੂਰੀ ਉਮੀਦ ਹੈ। ਇਸ ਦੌਰਾਨ ਸੈਕਟਰ-14 ਸਥਿਤ ਨਾਈਟ ਫੂਡ ਸਟ੍ਰੀਟ ਦੀਆਂ ਸ਼ਰਤਾਂ ਸਮੇਤ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹੋਰ ਮਤੇ ਪੇਸ਼ ਕੀਤੇ ਜਾ ਸਕਦੇ ਹਨ। ਮੀਟੰਗ ਦੌਰਾਨ ਪਿੰਡ ਦੇ ਲਾਲ ਡੋਰੇ ਤੋਂ ਬਾਹਰ ਪਾਣੀ ਦੇ ਕੁਨੈਕਸ਼ਨ ਕੱਟਣ ਸਮੇਤ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ’ਤੇ ਵੀ ਚਰਚਾ ਹੋ ਸਕਦੀ ਹੈ। ਇਸਦੇ ਨਾਲ ਹੀ ਕੌਂਸਲਰ ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਦਾਅਵਿਆਂ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਘੇਰ ਸਕਦੇ ਹਨ।

Advertisement
Author Image

sukhwinder singh

View all posts

Advertisement
Advertisement
×