ਮਨੀਪੁਰ ਦੇ ਅਤਿਵਾਦੀ ਸੰਗਠਨ ਯੂਐੱਨਐੱਲਐੱਫ ਨੇ ਕੇਂਦਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ
ਨਵੀਂ ਦਿੱਲੀ, 29 ਨਵੰਬਰ
ਮਨੀਪੁਰ ਵਿੱਚ ਸਰਗਰਮ ਕੱਟੜਪੰਥੀ ਜਥੇਬੰਦੀ ਯੂਨਾਈਟਿਡ ਨੈਸ਼ਨਲ ਲਬਿਰੇਸ਼ਨ ਫਰੰਟ (ਯੂਐੱਨਐੱਲਐੱਫ) ਨੇ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰ ਨਾਲ ਸ਼ਾਂਤੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਮੈਤੇਈ ਭਾਈਚਾਰੇ ਦੀ ਬਹੁਗਿਣਤੀ ਵਾਲੀ ਇਸ ਅਤਿਵਾਦੀ ਜਥੇਬੰਦੀ ਨੇ ਉਸ ਸਮੇਂ ਸਮਝੌਤਾ ਕੀਤਾ ਹੈ ਜਦੋਂ ਉਸ ਖ਼ਿਲਾਫ਼ ਇਸ ਮਹੀਨੇ ਦੇ ਸ਼ੁਰੂ ’ਚ ਯੂਏਪੀਏ ਤਹਿਤ ਪੰਜ ਹੋਰ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਸਮਝੌਤਾ ਲਾਗੂ ਕਰਨ ਲਈ ਸ਼ਾਂਤੀ ਨਿਗਰਾਨ ਕਮੇਟੀ ਬਣਾਈ ਜਾਵੇਗੀ ਜਿਸ ਨਾਲ ਮਨੀਪੁਰ ’ਚ ਸ਼ਾਂਤੀ ਬਹਾਲੀ ਦਾ ਰਾਹ ਪੱਧਰਾ ਹੋ ਸਕਦਾ ਹੈ। ਯੂਐੱਨਐੱਲਐੱਫ ਦੇ ਮੁੱਖ ਧਾਰਾ ’ਚ ਪਰਤਣ ਨਾਲ ਵਾਦੀ ਆਧਾਰਿਤ ਹੋਰ ਹਥਿਆਰਬੰਦ ਗੁੱਟ ਸ਼ਾਂਤੀ ਪ੍ਰਕਿਰਿਆ ’ਚ ਸ਼ਾਮਲ ਹੋ ਸਕਦੇ ਹਨ। ਸਰਕਾਰੀ ਤਰਜਮਾਨ ਨੇ ਕਿਹਾ ਕਿ ਯੂਐੱਨਐੱਲਐੱਫ ਦੇ ਨੁਮਾਇੰਦਿਆਂ ਨੇ ਇਥੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਮਨੀਪੁਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇੇ। ਇਹ ਪਹਿਲੀ ਵਾਰ ਹੈ ਕਿ ਵਾਦੀ ਆਧਾਰਿਤ ਮਨੀਪੁਰੀ ਹਥਿਆਰਬੰਦ ਧੜੇ ਨੇ ਹਿੰਸਾ ਛੱਡ ਕੇ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨਾਂ ਦੀ ਪਾਲਣਾ ਕਰਨ ’ਤੇ ਸਹਿਮਤੀ ਜਤਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਝੌਤੇ ਦੀ ਜਾਣਕਾਰੀ ਦਿੰਦਿਆਂ ਇਸ ਨੂੰ ਇਤਿਹਾਸਕ ਪ੍ਰਾਪਤੀ ਕਰਾਰ ਦਿੱਤਾ ਹੈ। ਸ਼ਾਹ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ,‘‘ਯੂਐੱਨਐੱਲਐੱਫ ਨੇ ਹਿੰਸਾ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ’ਤੇ ਸਹਿਮਤੀ ਪ੍ਰਗਟਾਈ ਹੈ। ਮੈਂ ਉਨ੍ਹਾਂ ਦੇ ਜਮਹੂਰੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਸ਼ਾਂਤੀ ਤੇ ਤਰੱਕੀ ਦੇ ਰਾਹ ਲਈ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਾ ਹਾਂ।’’ ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਮੋਦੀ ਸਰਕਾਰ ਦੇ ਅਣਥੱਕ ਯਤਨਾਂ ਵਿਚ ਇਹ ਨਵਾਂ ਅਧਿਆਏ ਜੁੜ ਗਿਆ ਹੈ। ਸ਼ਾਹ ਨੇ ਕਿਹਾ ਕਿ ਸ਼ਾਂਤੀ ਸਮਝੌਤਾ ਛੇ ਦਹਾਕੇ ਲੰਬੇ ਹਥਿਆਰਬੰਦ ਅੰਦੋਲਨ ਦੀ ਸਮਾਪਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੁੱਚੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਉੱਤਰ-ਪੂਰਬ ਭਾਰਤ ਵਿੱਚ ਨੌਜਵਾਨਾਂ ਨੂੰ ਬਿਹਤਰ ਭਵਿੱਖ ਪ੍ਰਦਾਨ ਕਰਨ ਵਿੱਚ ਇਹ ਇੱਕ ਇਤਿਹਾਸਕ ਪ੍ਰਾਪਤੀ ਹੈ। -ਪੀਟੀਆਈ