For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ: ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਵਾਲੇ 17 ਕੇਸ ਅਸਾਮ ਤਬਦੀਲ ਕੀਤੇ

07:45 AM Aug 26, 2023 IST
ਮਨੀਪੁਰ ਹਿੰਸਾ  ਸੁਪਰੀਮ ਕੋਰਟ ਨੇ ਸੀਬੀਆਈ ਜਾਂਚ ਵਾਲੇ 17 ਕੇਸ ਅਸਾਮ ਤਬਦੀਲ ਕੀਤੇ
Advertisement

ਨਵੀਂ ਦਿੱਲੀ, 25 ਅਗਸਤ
ਸੁਪਰੀਮ ਕੋਰਟ ਨੇ ਸੀਬੀਆਈ ਦੀ ਤਫ਼ਤੀਸ਼ ਵਾਲੇ ਮਨੀਪੁਰ ਹਿੰਸਾ ਨਾਲ ਸਬੰਧਤ 17 ਕੇਸ ਗੁਆਂਢੀ ਸੂਬੇ ਅਸਾਮ ਵਿਚ ਤਬਦੀਲ ਕਰ ਦਿੱਤੇ ਹਨ। ਇਨ੍ਹਾਂ ਵਿੱਚ ਦੋ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ ਵਾਇਰਲ ਹੋਈ ਵੀਡੀਓ ਵਾਲਾ ਕੇਸ ਵੀ ਸ਼ਾਮਲ ਹੈ। ਸਿਖਰਲੀ ਕੋਰਟ ਨੇ ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੇਸਾਂ ਨਾਲ ਸਿੱਝਣ ਲਈ ਇਕ ਜਾਂ ਵੱਧ ਨਿਆਂਇਕ ਅਧਿਕਾਰੀਆਂ ਨੂੰ ਨਾਮਜ਼ਦ ਕਰਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਨਿਆਂਇਕ ਪ੍ਰਕਿਰਿਆ, ਜਿਸ ਵਿੱਚ ਕੋਰਟਾਂ ਵੱਲੋਂ ਪੀੜਤਾਂ ਤੇ ਗਵਾਹਾਂ ਤੋਂ ਵਰਚੁਅਲ ਪੁੱਛ-ਪੜਤਾਲ ਵੀ ਸ਼ਾਮਲ ਸੀ, ਬਾਰੇ ਵੀ ਹਦਾਇਤਾਂ ਕੀਤੀਆਂ। ਕੋਰਟ ਨੇ ਕਿਹਾ ਕਿ ‘ਮੌਜੂਦਾ ਪੜਾਅ, ਮਨੀਪੁਰ ਦੇ ਸਮੁੱਚੇ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਤੇ ਨਿਰਪੱਖ ਪ੍ਰਕਿਰਿਆ ਯਕੀਨੀ ਬਣਾਉਣ ਦੀ ਲੋੜ ਨੂੰ ਧਿਆਨ ’ਚ ਰੱਖ ਕੇ’ ਇਹ ਹਦਾਇਤਾਂ ਕੀਤੀਆਂ ਗਈਆਂ ਹਨ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਕਈ ਵਕੀਲਾਂ ਦੇ ਉਨ੍ਹਾਂ ਹਲਫ਼ਨਾਮਿਆਂ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਸੀਬੀਆਈ ਕੇਸ ਅਸਾਮ ਤਬਦੀਲ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਸੀ। ਬੈਂਚ ਨੇ ਹਾਲਾਂਕਿ ਕੇਂਦਰ ਤੇ ਮਨੀਪੁਰ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਕਿ ਕੇਸ ਗੁਆਂਢੀ ਸੂਬੇ ’ਚ ਤਬਦੀਲ ਕਰਨ ਦਾ ਫੈਸਲਾ ਉਥੇ ਬਿਹਤਰ ਇੰਟਰਨੈੱਟ ਕੁਨੈਕਟੀਵਿਟੀ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਹੈ। ਸੀਜੇਆਈ ਨੇ ਕਿਹਾ, ‘‘ਹਿੰਸਾ ਦੌਰਾਨ ਦੋਵਾਂ ਧਿਰਾਂ (ਕੁੱਕੀ ਤੇ ਮੈਤੇਈ) ਨੂੰ ਸੱਟ ਵੱਜੀ ਹੈ...ਪੀੜਤ ਵਾਦੀਆਂ ਵਿਚ ਵੀ ਹਨ ਤੇ ਪਹਾੜਾਂ ਵਿੱਚ ਵੀ। ਪੀੜਤ ਲੋਕਾਂ ਲਈ ਵਾਦੀ ਤੋਂ ਪਹਾੜਾਂ ਅਤੇ ਪਹਾੜਾਂ ਤੋਂ ਵਾਦੀ ਤੱਕ ਦਾ ਸਫ਼ਰ ਬਹੁਤ ਔਖਾ ਹੈ। ਅਸੀਂ ਇਸ ਗੱਲ ਵਿੱਚ ਨਹੀਂ ਪੈਂਦੇ ਕਿ ਕਿਸ ਦਾ ਨੁਕਸਾਨ ਵੱਧ ਹੋਇਆ।’’ ਬੈਂਚ ਨੇ ਕਿਹਾ, ‘‘ਅਸੀਂ ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਟਰਾਇਲ ਕੇਸਾਂ ਨਾਲ ਨਜਿੱਠਣ ਲਈ ਉਹ ਗੁਹਾਟੀ ਵਿੱਚ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ/ਸੈਸ਼ਨ ਜੱਜ ਰੈਂਕ ਤੋਂ ਉਪਰਲੇ ਇਕ ਜਾਂ ਵੱਧ ਅਧਿਕਾਰੀਆਂ ਨੂੰ ਨਾਮਜ਼ਦ ਕਰਨ।’’ ਕੋਰਟ ਨੇ ਕਿਹਾ ਕਿ ਚੀਫ਼ ਜਸਟਿਸ ਤਰਜੀਹੀ ਤੌਰ ’ਤੇ ਅਜਿਹੇ ਜੱਜਾਂ ਦੀ ਚੋਣ ਕਰਨ, ਜਿਨ੍ਹਾਂ ਨੂੰ ਮਨੀਪੁਰ ਦੀਆਂ ਇਕ ਜਾਂ ਵੱਧ ਭਾਸ਼ਾਵਾਂ ਬਾਰੇ ਜਾਣਕਾਰੀ ਹੋਵੇ। ਬੈਂਚ ਨੇ ਕਿਹਾ ਕਿ ਮਨੋਨੀਤ ਕੋਰਟਾਂ ਵਿੱਚ ਸੁਰੱਖਿਆ ਨਾਲ ਜੁੜੇ ਮਸਲੇ ਤੇ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਲਜ਼ਮਾਂ ਦੇ ਪ੍ਰੋਡਕਸ਼ਨ, ਰਿਮਾਂਡ, ਨਿਆਂਇਕ ਹਿਰਾਸਤ, ਹਿਰਾਸਤ ਵਿੱਚ ਵਾਧੇ ਨਾਲ ਜੁੜੀਆਂ ਸਾਰੀਆਂ ਅਰਜ਼ੀਆਂ ਅਤੇ ਤਫ਼ਤੀਸ਼ ਨਾਲ ਜੁੜੀ ਹੋਰ ਕਾਰਵਾਈ ਆਨਲਾਈਨ ਮੋਡ ਵਿੱਚ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। -ਪੀਟੀਆਈ

Advertisement

ਮਨੀਪੁਰ ਵਿੱਚ ਧਾਰਮਿਕ ਹਿੰਸਾ ਦਾ ਕੋਈ ਸਬੂਤ ਨਹੀਂ: ਅਮਰੀਕੀ ਥਿੰਕ ਟੈਂਕ

ਵਾਸ਼ਿੰਗਟਨ: ਅਮਰੀਕਾ ਅਧਾਰਿਤ ਭਾਰਤ-ਕੇਂਦਰਤ ਥਿੰਕ ਟੈਂਕ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਮਨੀਪੁਰ ਵਿਚ ਧਰਮ ਅਧਾਰਿਤ ਹਿੰਸਾ ਦਾ ਕੋਈ ਸਬੂਤ ਨਹੀਂ ਹੈ। ਫਾਊਂਡੇਸ਼ਨ ਫਾਰ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਨੇ ਇਸੇ ਹਫ਼ਤੇ ਜਾਰੀ ਰਿਪੋਰਟ ਵਿੱਚ ਕਿਹਾ ਕਿ ਮਨੀਪੁਰ ਵਿੱਚ ਹਿੰਸਾ ਲਈ ਮੁੱਖ ਤੌਰ ’ਤੇ ਕਬੀਲਿਆਂ ਦਰਮਿਆਨ ਬੇਭਰੋੋਸਗੀ, ਆਰਥਿਕ ਅਸਰ ਦਾ ਡਰ, ਨਸ਼ੇ ਤੇ ਬਗ਼ਾਵਤ ਜਿਹੇ ਕਾਰਕ ਜ਼ਿੰਮੇਵਾਰ ਹਨ। ਰਿਪੋਰਟ ਵਿੱਚ ਕਿਹਾ ਗਿਆ, ‘‘ਕੁਝ ਦਾ ਕਹਿਣਾ ਹੈ ਕਿ ਮਨੀਪੁਰ ਹਿੰਸਾ ਪਿੱਛੇ ਵਿਦੇਸ਼ੀ ਦਖ਼ਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।’’ ਐੱਫਆਈਆਈਡੀਐੱਸ ਨੇ ਕਿਹਾ ਕਿ ਮਨੀਪੁਰ ਸਰਕਾਰ ਤੇ ਕੇਂਦਰ ਨੇ ਸੂਬੇ ਵਿਚ ਅਮਨ ਦੀ ਬਹਾਲੀ ਤੇ ਪੀੜਤਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਆਪਣੇ ਸਾਰਾ ਜ਼ੋਰ ਲਾਇਆ ਹੈ। -ਪੀਟੀਆਈ

Advertisement

ਸੁਰੱਖਿਆ ਬਲਾਂ ਵੱਲੋਂ ਹਥਿਆਰ ਤੇ ਗੋਲੀਸਿੱਕਾ ਬਰਾਮਦ

ਇੰਫਾਲ: ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਮਨੀਪੁਰ ਦੇ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿਚੋੋ ਚਾਰ ਹਥਿਆਰ, 38 ਗੋਲੀਆਂ ਤੇ ਅੱਠ ਬੰਬ ਬਰਾਮਦ ਕੀਤੇ ਹਨ। ਮਨੀਪੁਰ ਪੁਲੀਸ ਨੇ ਕਿਹਾ ਕਿ ਹਥਿਆਰ ਤੇ ਗੋਲੀਸਿੱਕਾ ਇੰਫਾਲ ਪੂਰਬੀ, ਇੰਫਾਲ ਪੱਛਮੀ, ਕੈਕਚਿੰਗ, ਕਾਂਗਪੋਕਪੀ ਤੇ ਥੌਬਲ ਜ਼ਿਲ੍ਹਿਆਂ ਵਿਚ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਮਿਲੇ ਹਨ। ਇਸ ਦੌਰਾਨ ਮਨੀਪੁਰ ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਵਿਚ ਯਕੀਨ ਨਾ ਕਰਨ। -ਪੀਟੀਆਈ

ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ: ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕਰਕੇ ਸੂਬੇ ਦੇ ਹਾਲਾਤ ਬਾਰੇ ਚਰਚਾ ਕੀਤੀ ਹੈ। ਵੀਰਵਾਰ ਰਾਤ ਨੂੰ ਹੋਈ ਇਸ ਬੈਠਕ ਦੌਰਾਨ ਸਿੰਘ ਨੇ ਸ਼ਾਹ ਨੂੰ ਹਿੰਸਾ ਦੇ ਝੰਬੇ ਸੂਬੇ ਵਿੱਚ ਘਰੋਂ ਬੇਘਰ ਹੋਏ ਲੋਕਾਂ ਦੇ ਮੁੜਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਦੀ ਤਫ਼ਸੀਲ ਦਿੱਤੀ। ਸੂਤਰਾਂ ਨੇ ਕਿਹਾ ਕਿ ਸ਼ਾਹ ਜਲਦੀ ਹੀ ਸੂਬੇ ਨਾਲ ਸਬੰਧਤ ਸਿਵਲ ਸੁਸਾਇਟੀ ਜਥੇਬੰਦੀਆਂ ਦੇ ਮੈਂਬਰਾਂ ਨਾਲ ਬੈਠਕ ਕਰ ਸਕਦੇ ਹਨ। -ਆਈਏਐੱਨਐੱਸ

Advertisement
Author Image

sukhwinder singh

View all posts

Advertisement