For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ: ਸੁਪਰੀਮ ਕੋਰਟ ਵੱਲੋਂ ਸਟੇਟਸ ਰਿਪੋਰਟ ਤਲਬ

06:56 AM Jul 04, 2023 IST
ਮਨੀਪੁਰ ਹਿੰਸਾ  ਸੁਪਰੀਮ ਕੋਰਟ ਵੱਲੋਂ ਸਟੇਟਸ ਰਿਪੋਰਟ ਤਲਬ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅੈੱਨ ਬੀਰੇਨ ਸਿੰਘ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 3 ਜੁਲਾਈ
ਸੁਪਰੀਮ ਕੋਰਟ ਨੇ ਅੱਜ ਮਨੀਪੁਰ ਸਰਕਾਰ ਨੂੰ ਹਿੰਸਾ ਪ੍ਰਭਾਵਿਤ ਸੂਬੇ ਵਿੱਚ ਲੋਕਾਂ ਦੇ ਪੁਨਰਵਾਸ ਤੇ ਕਾਨੂੰਨ ਵਿਵਸਥਾ ਦੀ ਸਥਿਤੀ ’ਚ ਸੁਧਾਰ ਲਿਆਉਣ ਲਈ ਚੁੱਕੇ ਕਦਮਾਂ ਸਬੰਧੀ ਵਿਸਤ੍ਰਿਤ ਤਾਜ਼ਾ ਰਿਪੋਰਟ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂਡ਼ ਤੇ ਜਸਟਿਸ ਪੀ ਅੈੱਸ ਨਰਸਿਮਹਾ ਤੇ ਮਨੋਜ ਮਿਸ਼ਰਾ ਦੇ ਬੈਂਚ ਵੱਲੋਂ ਇਸ ਮਾਮਲੇ ’ਤੇ ਦਾਖ਼ਲ ਪਟੀਸ਼ਨਾਂ ’ਤੇ 10 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਸੂਬਾ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਟੇਟਸ ਰਿਪੋਰਟ ਦਾਖ਼ਲ ਕਰਨ ਬਾਰੇ ਆਖਦਿਆਂ ਬੈਂਚ ਨੇ ਕਿਹਾ,‘ਰਿਪੋਰਟ ਵਿੱਚ ਪੁਨਰਵਾਸ ਕੈਂਪਾਂ, ਕਾਨੂੰਨ ਵਿਵਸਥਾ ਤੇ ਹਥਿਆਰਾਂ ਦੀ ਬਰਾਮਦਗੀ ਸਬੰਧੀ ਜਾਣਕਾਰੀ ਸ਼ਾਮਲ ਹੋਵੇ।’ ਸੁਣਵਾਈ ਦੌਰਾਨ ਸ੍ਰੀ ਮਹਿਤਾ ਨੇ ਸੂਬੇ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਕਾਨੂੰਨ ਵਿਵਸਥਾ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਹੁਣ ਕਰਫਿਊ 24 ਘੰਟਿਆਂ ਤੋਂ ਘਟਾ ਕੇ ਪੰਜ ਘੰਟੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਥਾਨਕ ਪੁਲੀਸ, ਰਿਜ਼ਰਵ ਬਟਾਲੀਅਨਾਂ ਤੇ ਸੀਏਪੀਅੈੱਫ ਦੀਆਂ 114 ਕੰਪਨੀਆਂ ਵੀ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਕੁੱਕੀ ਭਾਈਚਾਰੇ ਵੱਲੋਂ ਪੇਸ਼ ਸੀਨੀਅਰ ਅੈਡਵੋਕੇਟ ਕੌਲਿਨ ਗੌਨਜ਼ਾਲਵੇਸ ਨੂੰ ਕੇਸ ਨੂੰ ‘ਫ਼ਿਰਕੂ ਰੰਗਤ’ ਨਹੀਂ ਦੇਣੀ ਚਾਹੀਦੀ ਤੇ ਆਖਿਆ ਕਿ ਸਥਿਤੀ ਨੂੰ ਸਹੀ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਬਹਿਸ ਕਰਦਿਆਂ ਕਿਹਾ ਕਿ ਦਹਿਸ਼ਤਗਰਦ ਇੱਕ ਨਿਊਜ਼ ਪ੍ਰੋਗਰਾਮ ਦੌਰਾਨ ਆ ਗਏ ਤੇ ਕਹਿਣ ਲੱਗੇ ਕਿ ‘ਉਹ ਕੁਕੀਆਂ ਨੂੰ ਖ਼ਤਮ ਕਰ ਦੇਣਗੇ’, ਪਰ ਉਨ੍ਹਾਂ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕੁੱਕੀ ਭਾਈਚਾਰੇ ਖ਼ਿਲਾਫ਼ ਹੋ ਰਹੀ ਹਿੰਸਾ ਨੂੰ ਸਰਕਾਰੀ ਸ਼ਹਿ ਹਾਸਲ ਹੈ। -ਪੀਟੀਆਈ

Advertisement

ਹਿੰਸਕ ਘਟਨਾਵਾਂ ਵਿੱਚ ਇੱਕ ਦੀ ਮੌਤ, ਦੋ ਜ਼ਖ਼ਮੀ

ਇੰਫਾਲ: ਮਨੀਪੁਰ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਲੰਘੇ 24 ਘੰਟਿਆਂ ਦੌਰਾਨ ਵਾਪਰੀਆਂ ਵੱਖ ਵੱਖ ਹਿੰਸਕ ਘਟਨਾਵਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ ਹਨ। ਕੁਝ ਹਮਲਾਵਰਾਂ ਨੇ ਘਰਾਂ ਨੂੰ ਵੀ ਅੱਗ ਲਗਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੂਰਾਚਾਂਦਪੁਰ ਜ਼ਿਲ੍ਹੇ ’ਚ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦੋ ਵਿਰੋਧੀ ਹਥਿਆਰਬੰਦ ਧਡ਼ਿਆਂ ਵਿਚਾਲੇ ਹੋਈ ਗੋਲੀਬਾਰੀ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖ਼ਮੀ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਜਵਾਨ ਮੌਕੇ ’ਤੇ ਪੁੱਜੇ ਪਰ ਹਮਲਾਵਾਰ ਜੰਗਲ ’ਚ ਜਾ ਕੇ ਲੁਕ ਗਏ। ਇਸੇ ਤਰ੍ਹਾਂ ਬਿਸ਼ਨੂਪਰ ਜ਼ਿਲ੍ਹੇ ਦੇ ਪਿੰਡਾਂ ’ਚ ਚੱਲੀ ਗੋਲੀ ’ਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਅੱਜ ਪੱਛਮੀ ਇੰਫਾਲ ਜ਼ਿਲ੍ਹੇ ’ਚ ਵੀ ਗੋਲੀ ਚੱਲਣ ਦੀ ਸੂਚਨਾ ਹੈ ਪਰ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਇਸੇ ਦਰਮਿਆਨ ਕੁਝ ਹਥਿਆਰਬੰਦ ਬਾਗੀਆਂ ਨੇ ਚਿਡ਼ਿਕ ਪਿੰਡ ’ਚ ਕੁਝ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਹੈ। ਇਸੇ ਦੌਰਾਨ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਕਿਹਾ ਕਿ ਸੂਬੇ ਦੇ ਸਕੂਲਾਂ ਵਿੱਚ ਪਹਿਲੀ ਤੋਂ 8ਵੀਂ ਤੱਕ ਦੀਆਂ ਕਲਾਸਾਂ 5 ਜੁਲਾਈ ਤੋਂ ਸ਼ੁਰੂ ਹੋਣਗੀਆਂ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨਾਲ ਬਣਾਏ ਗਏ ਬੰਕਰ ਹਟਾਏ ਜਾਣਗੇ । -ਆਈਏਐੱਨਐੱਸ

Advertisement

Advertisement
Tags :
Author Image

joginder kumar

View all posts

Advertisement