ਮਨੀਪੁਰ: ਅਤਿਵਾਦੀਆਂ ਦੇ ਹਮਲੇ ਮਗਰੋਂ ਮੁੜ ਹਿੰਸਾ ਭੜਕੀ
ਇੰਫਾਲ, 19 ਅਕਤੂਬਰ
ਮਨੀਪੁਰ ’ਚ ਅਤਿਵਾਦੀਆਂ ਨੇ ਜਿਰੀਬਾਮ ਜ਼ਿਲ੍ਹੇ ਦੇ ਪਿੰਡ ’ਚ ਹਮਲਾ ਕਰ ਦਿੱਤਾ, ਜਿਸ ਮਗਰੋਂ ਅੱਜ ਮੁੜ ਹਿੰਸਾ ਭੜਕ ਗਈ। ਇਸੇ ਦੌਰਾਨ ਜਿਰੀਬਾਮ ਦੇ ਨਿੱਜੀ ਸਕੂਲ ਨੂੰ ਅੱਗ ਲੱਗ ਗਈ। ਦੂਜੇ ਪਾਸੇ ਪੁਲੀਸ ਨੇ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਤਿਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਤੜਕੇ ਕਰੀਬ ਪੰਜ ਵਜੇ ਬੋਰੋਬੇਕਰਾ ਥਾਣੇ ਅਧੀਨ ਆਉਂਦੇ ਪਿੰਡ ਨੂੰ ਨਿਸ਼ਾਨਾ ਬਣਾਇਆ। ਅਤਿਵਾਦੀਆਂ ਨੇ ਬੰਬਾਰੀ ਵੀ ਕੀਤੀ। ਸੀਆਰਪੀਐੱਫ ਤੇ ਪੁਲੀਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਭਾਰੀ ਗੋਲੀਬਾਰੀ ਹੋਈ। ਅਧਿਕਾਰੀ ਨੇ ਦੱਸਿਆ ਕਿ ਮੌਕੇ ’ਤੇ ਵਾਧੂ ਸੁਰੱਖਿਆ ਫੋਰਸ ਭੇਜੀ ਜਾ ਰਹੀ ਹੈ। ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਮੁੜ ਤੋਂ ਹਿੰਸਾ ਸ਼ੁਰੂ ਹੋਣ ਕਾਰਨ ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਸੂਬੇ ’ਚ ਜਾਰੀ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਮੇਇਤੀ ਤੇ ਕੁਕੀ ਭਾਈਚਾਰਿਆਂ ਦੇ ਵਿਧਾਇਕਾਂ ਵਿਚਾਲੇ ਨਵੀਂ ਦਿੱਲੀ ’ਚ ਹੋਈ ਗੱਲਬਾਤ ਤੋਂ ਕੁਝ ਦਿਨ ਬਾਅਦ ਇਹ ਹਿੰਸਾ ਹੋਈ ਹੈ। ਦੂਜੇ ਪਾਸੇ ਮਨੀਪੁਰ ਦੇ ਜਿਰੀਬਾਮ ਦੇ ਨਿੱਜੀ ਸਕੂਲ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਦਿਨ ‘ਕਲੀਮਨਗਰ ਪਾਰਟ-2’ ਸਥਿਤ ‘ਬਲੂਮਿੰਗ ਫਲਾਵਰ ਚਿਲਡਰਨ ਫਾਊਂਡੇਸ਼ਨ ਸਕੂਲ’ ਵਿੱਚ ਵਾਪਰੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਮਨੀਪੁਰ ਪੁਲੀਸ ਨੇ ‘ਇੰਫਾਲ ਪੂਰਬੀ’ ਜ਼ਿਲ੍ਹੇ ’ਚ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਅਤਿਵਾਦੀਆਂ ਦੀ ਪਛਾਣ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ ਦੇ ਮੁਤੁਮ ਇਨਾਓ ਸਿੰਘ (31) ਤੇ ਖਵੈਰਾਕਪਾਕ ਰਾਜੇਨ ਸਿੰਘ (25) ਵਜੋਂ ਹੋਈ ਹੈ। -ਪੀਟੀਆਈ
ਹਥਿਆਰ ਘਟਣ ਨਾਲ ਹੀ ਹਾਲਾਤ ਸੁਧਰ ਸਕਦੇ ਨੇ: ਡੀਜੀਪੀ
ਮਨੀਪੁਰ ਦੇ ਡੀਜੀਪੀ ਰਾਜੀਵ ਸਿੰਘ ਨੇ ਅੱਜ ਕਿਹਾ ਕਿ ਪੁਲੀਸ ਸੁਰੱਖਿਆ ਬਲਾਂ ਤੋਂ ਲੁੱਟੇ ਹਥਿਆਰ ਬਰਾਮਦ ਕਰਨ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਹਥਿਆਰ ਘਟਣ ਤੋਂ ਬਾਅਦ ਹੀ ਸੂਬੇ ’ਚ ਹਾਲਾਤ ਸੁਧਰ ਸਕਦੇ ਹਨ। ਉਨ੍ਹਾਂ ਮਨੀਪੁਰ ਪੁਲੀਸ ਦੇ 133ਵੇਂ ਸਥਾਪਨਾ ਦਿਵਸ ਮੌਕੇ ਕਿਹਾ ਕਿ ਸੂਬੇ ’ਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਚੁਣੌਤੀ ਭਰਿਆ ਸਮਾਂ ਹੈ ਪਰ ਉਹ ਜਨਤਾ, ਸੁਰੱਖਿਆ ਏਜੰਸੀਆਂ, ਸੀਐੱਸਓ ਤੇ ਸਾਰੇ ਭਾਈਚਾਰਿਆਂ ਦੇ ਆਗੂਆਂ ਦੇ ਸਹਿਯੋਗ ਨਾਲ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ