For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਦਹਿਸ਼ਤੀ ਹਮਲੇ ਵਿੱਚ ਸੀਆਰਪੀਐੱਫ ਦੇ ਦੋ ਜਵਾਨ ਹਲਾਕ

06:50 AM Apr 28, 2024 IST
ਮਨੀਪੁਰ  ਦਹਿਸ਼ਤੀ ਹਮਲੇ ਵਿੱਚ ਸੀਆਰਪੀਐੱਫ ਦੇ ਦੋ ਜਵਾਨ ਹਲਾਕ
Advertisement

ਇੰਫਾਲ, 27 ਅਪਰੈਲ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ਦੇ ਕੈਂਪ ’ਤੇ ਕੀਤੇ ਗਏ ਹਮਲੇ ਦੌਰਾਨ ਸੀਆਰਪੀਐੱਫ ਦੇ ਦੋ ਜਵਾਨ ਹਲਾਕ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਮੋਇਰਾਂਗ ਪੁਲੀਸ ਸਟੇਸ਼ਨ ਇਲਾਕੇ ਅਧੀਨ ਆਉਂਦੇ ਨਰਾਨਸੀਨਾ ਵਿਖੇ ਇੰਡੀਆ ਰਿਜ਼ਰਵ ਬਟਾਲੀਅਨ ਦੇ ਕੈਂਪ ’ਤੇ ਹਮਲਾ ਕਰ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਉੱਚੀ ਪਹਾੜੀ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਉਨ੍ਹਾਂ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਸਾਢੇ 12 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਕੀਤੀ ਜੋ ਕਰੀਬ ਸਵਾ ਦੋ ਵਜੇ ਤੱਕ ਜਾਰੀ ਰਹੀ। ਦਹਿਸ਼ਤਗਰਦਾਂ ਨੇ ਬੰਬ ਵੀ ਸੁੱਟੇ ਜਿਨ੍ਹਾਂ ’ਚੋਂ ਇਕ ਸੀਆਰਪੀਐੱਫ ਦੀ 128 ਬਟਾਲੀਅਨ ਦੀ ਚੌਕੀ ’ਤੇ ਜਾ ਕੇ ਫਟਿਆ। ਮ੍ਰਿਤਕਾਂ ਦੀ ਪਛਾਣ ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਦੇ ਸਬ-ਇੰਸਪੈਕਟਰ ਐੱਨ ਸਰਕਾਰ ਅਤੇ ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਹੈੱਡ ਕਾਂਸਟੇਬਲ ਅਰੂਪ ਸੈਣੀ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀਆਂ ਇੰਸਪੈਕਟਰ ਜਾਦਵ ਦਾਸ ਅਤੇ ਕਾਂਸਟੇਬਲ ਆਫ਼ਤਾਬ ਦਾਸ ਨੂੰ ਇੰਫਾਲ ਦੇ ਰਿਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਸੀਆਰਪੀਐੱਫ ਦੇ ਜਵਾਨਾਂ ਨੂੰ ਆਈਆਰਬੀਐੱਨ ਕੈਂਪ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਪੁਲੀਸ ਨੇ ਕਿਹਾ ਕਿ ਹਮਲਾਵਰਾਂ ਨੂੰ ਲੱਭਣ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਦੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਦਿਨ-ਰਾਤ ਇਕ ਕਰ ਦੇਣ ਵਾਲੇ ਜਵਾਨਾਂ ’ਤੇ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦਾ ਬਲਿਦਾਨ ਬੇਕਾਰ ਨਹੀਂ ਜਾਵੇਗਾ। -ਪੀਟੀਆਈ

Advertisement

ਸੁਰੱਖਿਆ ਸਲਾਹਕਾਰ ਨੇ ਦਿੱਤੀ ਸਖ਼ਤ ਚਿਤਾਵਨੀ

ਇੰਫਾਲ: ਸੁਰੱਖਿਆ ਬਲਾਂ ਦੇ ਕੈਂਪ ’ਤੇ ਹਮਲੇ ਲਈ ਜ਼ਿੰਮੇਵਾਰ ਦਹਿਸ਼ਤੀ ਧੜੇ ਨੂੰ ਮਨੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਕਿਹਾ ਕਿ ਜਿਸ ਨੇ ਵੀ ਇਹ ਕਾਰਾ ਕੀਤਾ ਹੈ, ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਅਸੀਂ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਫੜਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦਹਿਸ਼ਤੀ ਗੁੱਟਾਂ ਵੱਲੋਂ ਸੜਕਾਂ ਅਤੇ ਪੁਲਾਂ ਸਣੇ ਹੋਰ ਕੌਮੀ ਬੁਨਿਆਦੀ ਢਾਂਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਬਲਾਂ ਉਪਰ ਹਮਲੇ ’ਤੇ ਹੈਰਾਨੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਮੈਤੇਈ ਅਤੇ ਕੁਕੀ ਦਹਿਸ਼ਤਗਰਦ ਸੁਰੱਖਿਆ ਬਲਾਂ ’ਤੇ ਹਮਲੇ ਨਹੀਂ ਕਰ ਸਕਦੇ ਹਨ ਕਿਉਂਕਿ ਉਹ ਦੋਵੇਂ ਭਾਈਚਾਰਿਆਂ ’ਚ ਨਿਰਪੱਖ ਰਹਿ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਭਾਈਚਾਰਿਆਂ ਨੇ ਕੇਂਦਰੀ ਬਲਾਂ ਦੀ ਮੌਜੂਦਗੀ ਦਾ ਪਹਿਲਾਂ ਸਵਾਗਤ ਕੀਤਾ ਸੀ ਅਤੇ ਹੁਣ ਉਨ੍ਹਾਂ ’ਤੇ ਹਮਲੇ ਕਿਉਂ ਹੋ ਰਹੇ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×