ਮਨੀਪੁਰ: ਕਬਾਇਲੀ ਸੰਸਥਾ ਵੱਲੋਂ ਵੱਖਰੇ ਰਾਜ ਦੀ ਚੇਤਾਵਨੀ
ਚੂਰਾਚਾਂਦਪੁਰ/ਇੰਫਾਲ, 15 ਨਵੰਬਰ
ਮਨੀਪੁਰ ਵਿੱਚ ਕੁੱਕੀ-ਜ਼ੋਅ ਕਬੀਲਿਆਂ ਦੀ ਸੰਸਥਾ ‘ਦਿ ਇਨਡਜਿੀਨਸ ਟਰਾਈਬਲ ਲੀਡਰਜ਼ ਫੋਰਮ’ (ਆਈਟੀਐੱਲਐੱਫ) ਨੇ ਭਾਈਚਾਰੇ ਦੀ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ‘ਵੱਖਰਾ ਪ੍ਰਸ਼ਾਸਨ’ ਸਥਾਪਿਤ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਫੋਰਮ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਦਾ ਆਪਣਾ ਸ਼ਾਸਨ ਹੋਵੇਗਾ। ਫੋਰਮ ਮੁਤਾਬਕ ਉੱਤਰ-ਪੂਰਬੀ ਰਾਜ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਜਾਰੀ ਨਸਲੀ ਟਕਰਾਅ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਜੇ ਤੱਕ ਵੱਖਰੇ ਪ੍ਰਸ਼ਾਸਨ ਸਬੰਧੀ ਉਨ੍ਹਾਂ ਦੀ ਮੰਗ ਨਹੀਂ ਮੰਨੀ। ਆਈਟੀਐੱਲਐੱਫ ਦੇ ਜਨਰਲ ਸਕੱਤਰ ਮੁਆਨ ਟੋਬਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਅਗਲੇ ਕੁਝ ਹਫਤਿਆਂ ਵਿੱਚ ਉਨ੍ਹਾਂ ਦੀ ਮੰਗ ’ਤੇ ਗੌਰ ਨਾ ਕੀਤਾ ਤਾਂ ਉਹ ਆਪਣਾ ਵੱਖਰਾ ਪ੍ਰਸ਼ਾਸਨ ਸਥਾਪਤ ਕਰਨ ਲਈ ਮਜਬੂਰ ਹੋਣਗੇ, ਫਿਰ ਚਾਹੇ ਕੇਂਦਰ ਸਰਕਾਰ ਇਸ ਨੂੰ ਮਾਨਤਾ ਦਿੰਦੀ ਹੈ ਜਾਂ ਨਹੀਂ। ਆਈਟੀਐੱਲਐੱਫ ਆਗੂ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਫੋਰਮ ਨੇ ਚੂਰਾਚਾਂਦਪੁਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਕਬਾਇਲੀਆਂ ਦੀ ਹੱਤਿਆ ਬਾਰੇ ਸੀਬੀਆਈ ਜਾਂ ਐੱਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ