For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਸੁਰੱਖਿਆ ਕਰਮੀਆਂ ਦੇ ਭੇਸ ’ਚ ਆਏ ਬਾਗੀਆਂ ਵੱਲੋਂ ਤਿੰਨ ਦੀ ਹੱਤਿਆ

07:32 PM Jun 23, 2023 IST
ਮਨੀਪੁਰ  ਸੁਰੱਖਿਆ ਕਰਮੀਆਂ ਦੇ ਭੇਸ ’ਚ ਆਏ ਬਾਗੀਆਂ ਵੱਲੋਂ ਤਿੰਨ ਦੀ ਹੱਤਿਆ
Advertisement

ਇੰਫਾਲ, 9 ਜੂਨ

Advertisement

ਮੁੱਖ ਅੰਸ਼

  • ਘਰਾਂ ਦੀ ਤਲਾਸ਼ੀ ਲੈਣ ਬਹਾਨੇ ਦਿੱਤਾ ਘਟਨਾ ਨੂੰ ਅੰਜਾਮ
  • ਬਾਗੀਆਂ ਦੇ ਮੈਤੇਈ ਭਾਈਚਾਰੇ ਨਾਲ ਸਬੰਧਤ ਹੋਣ ਦਾ ਸ਼ੱਕ

ਹਿੰਸਾ ਪ੍ਰਭਾਵਿਤ ਮਨੀਪੁਰ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਇੱਕ ਪਿੰਡ ‘ਚ ਅੱਜ ਸੁਰੱਖਿਆ ਕਰਮੀ ਬਣ ਕੇ ਆਏ ਬਾਗੀਆਂ ਨੇ ਕੁਝ ਲੋਕਾਂ ਨੂੰ ਤਲਾਸ਼ੀ ਮੁਹਿੰਮ ਦੇ ਬਹਾਨੇ ਘਰਾਂ ‘ਚੋਂ ਬਾਹਰ ਬੁਲਾ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਕਾਂਗਪੋਕੀ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਦੀ ਹੱਦ ‘ਤੇ ਸਥਿਤ ਖੋਕੇਨ ਪਿੰਡ ‘ਚ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਇਹ ਬਾਗੀ ਮੈਤੇਈ ਭਾਈਚਾਰੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਗਸ਼ਤ ‘ਤੇ ਨਿਕਲੇ ਸੁਰੱਖਿਆ ਕਰਮੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਪਹੁੰਚੇ ਪਰ ਉਦੋਂ ਤੱਕ ਬਾਗੀ ਉੱਥੋਂ ਭੱਜ ਗਏ। ਅਸਾਮ ਰਾਈਫਲਜ਼ ਨੇ ਤਿੰਨੋਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਮਗਰੋਂ ਮਨੀਪੁਰ ਪੁਲੀਸ, ਅਸਾਮ ਰਾਈਫਲਜ਼ ਤੇ ਫੌਜ ਦੀ ਸਾਂਝੀ ਟੀਮ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਵੀ ਚਲਾਈ। -ਪੀਟੀਆਈ

ਮਨੀਪੁਰ ਹਿੰਸਾ ਦੀ ਜਾਂਚ ਲਈ ਸੀਬੀਆਈ ਵੱਲੋਂ ਸਿਟ ਕਾਇਮ

ਨਵੀਂ ਦਿੱਲੀ: ਮਨੀਪੁਰ ਹਿੰਸਾ ਨਾਲ ਸਬੰਧਤ ਛੇ ਕੇਸਾਂ ਦੀ ਜਾਂਚ ਲਈ ਸੀਬੀਆਈ ਨੇ ਡੀਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸੇ ਦੌਰਾਨ ਸਿੱਟ ਨੇ ਛੇ ਕੇਸ ਦਰਜ ਕਰ ਲਏ ਹਨ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ-ਪੂਰਬੀ ਰਾਜ ਦੀ ਫੇਰੀ ਦੌਰਾਨ ਐਲਾਨ ਕੀਤਾ ਸੀ ਕਿ ਮਨੀਪੁਰ ਹਿੰਸਾ ਨਾਲ ਸਬੰਧਤ ਛੇ ਕੇਸਾਂ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾਵੇਗੀ।

ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਸੀਬੀਆਈ ਨੇ ਸਿਟ ਕਾਇਮ ਕਰ ਦਿੱਤੀ ਹੈ ਅਤੇ ਨਾਲ ਛੇ ਕੇਸਾਂ ਦੀ ਜਾਂਚ ਵੀ ਆਪਣੇ ਅਧੀਨ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ਇਸ ਸਬੰਧੀ ਛੇ ਕੇਸ ਦਰਜ ਕੀਤੇ ਹਨ। ਇਨ੍ਹਾਂ ਕੇਸਾਂ ‘ਚ ਪੰਜ ਕੇਸ ਅਪਰਾਧਿਕ ਸਾਜ਼ਿਸ਼ ਅਤੇ ਇੱਕ ਕੇਸ ਮਨੀਪੁਰ ਹਿੰਸਾ ਪਿਛਲੀ ਸਾਜ਼ਿਸ਼ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੰਘੇ ਵੀਰਵਾਰ ਨੂੰ ਕੇਂਦਰ ਸਰਕਾਰ ਨੇ ਮਨੀਪੁਰ ‘ਚ ਅਮਨ ਬਹਾਲ ਕਰਨ ਤੇ ਸਥਿਤੀ ਨੂੰ ਕੰਟਰੋਲ ਹੇਠ ਕਰਨ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀ ਜਿਨ੍ਹਾਂ ‘ਚ ਇੱਕ ਨਿਆਂਇਕ ਕਮਿਸ਼ਨ ਕਾਇਮ ਕਰਨਾ ਵੀ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਮੈਤੇਈ ਭਾਈਚਾਰੇ ਵੱਲੋਂ ਅਨੁਸੂਚਿਤ ਕਬੀਲਿਆਂ (ਐੱਸਟੀ) ਦਾ ਦਰਜਾ ਮੰਗੇ ਜਾਣ ਖ਼ਿਲਾਫ਼ 3 ਮਈ ਨੂੰ ਇਸ ਉੱਤਰ-ਪੂਰਬੀ ਰਾਜ ਦੇ ਪਹਾੜੀ ਜ਼ਿਲ੍ਹਿਆਂ ‘ਚ ਕੱਢੇ ਗਏ ਰੋਸ ਮਾਰਚ ਮਗਰੋਂ ਹਿੰਸਾ ਭੜਕ ਪਈ ਸੀ। ਇਸ ਹਿੰਸਾ ‘ਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਹਿੰਸਕ ਘਟਨਾਵਾਂ ਦੇ ਸਬੰਧ ਵਿੱਚ ਹੁਣ ਤੱਕ 3,734 ਕੇਸ ਦਰਜ ਕੀਤੇ ਜਾ ਚੁੱਕੇ ਹਨ। ਸਭ ਤੋਂ ਵੱਧ 1,257 ਕੇਸ ਇੰਫਾਲ ਪੱਛਮੀ ਜ਼ਿਲ੍ਹੇ ‘ਚ ਦਰਜ ਕੀਤੇ ਗਏ ਹਨ। -ਪੀਟੀਆਈ

ਸੁਪਰੀਮ ਕੋਰਟ ਵੱਲੋਂ ਮਨੀਪੁਰ ਵਿੱਚ ਇੰਟਰਨੈੱਟ ਪਾਬੰਦੀ ਖ਼ਿਲਾਫ਼ ਅਰਜ਼ੀ ‘ਤੇ ਫੌਰੀ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜਾਤੀ ਹਿੰਸਾ ਤੋਂ ਪ੍ਰਭਾਵਿਤ ਮਨੀਪੁਰ ਵਿੱਚ ਇੰਟਰਨੈੱਟ ‘ਤੇ ਤਿੰਨ ਮਈ ਤੋਂ ਪਾਬੰਦੀ ਜਾਰੀ ਰੱਖਣ ਦੇ ਵਿਰੋਧ ‘ਚ ਸੂਬੇ ਦੇ ਦੋ ਵਿਅਕਤੀਆਂ ਵੱਲੋਂ ਦਾਇਰ ਪਟੀਸ਼ਨ ‘ਤੇ ਫੌਰੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਜਸਟਿਸ ਅਨਿਰੁਧ ਬੋਸ ਤੇ ਜਸਟਿਸ ਰਾਜੇਸ਼ ਬਿੰਦਲ ਦੀ ਵੈਕੇਸ਼ਨ ਬੈਂਚ ਨੇ ਕਿਹਾ ਕਿ ਇਸ ਸਬੰਧੀ ਮਾਮਲਾ ਹਾਈ ਕੋਰਟ ਵਿੱਚ ਵੀ ਵਿਚਾਰ ਅਧੀਨ ਹੈ। ਬੈਂਚ ਨੇ ਕਿਹਾ,’ਜਦੋਂ ਇਸ ਮਾਮਲੇ ‘ਤੇ ਹਾਈ ਕੋਰਟ ਸੁਣਵਾਈ ਕਰ ਰਿਹਾ ਹੈ ਤਾਂ ਕਾਰਵਾਈ ਨੂੰ ਦੁਹਰਾਉਣ ਦੀ ਕੀ ਤੁੱਕ ਬਣਦੀ ਹੈ? ਰੈਗੂਲਰ ਬੈਂਚ ਕੋਲ ਇਹ ਮਾਮਲਾ ਚੁੱਕਿਆ ਜਾਵੇ।’ ਐਡਵੋਕੇਟ ਸ਼ਾਦਾਨ ਫਰਾਸਤ ਨੇ ਬੈਂਚ ਅੱਗੇ ਮਾਮਲੇ ਦਾ ਜ਼ਿਕਰ ਕਰਦਿਆਂ ਫੌਰੀ ਸੁਣਵਾਈ ਦੀ ਅਪੀਲ ਕੀਤੀ ਸੀ। ਸਿਖਰਲੀ ਅਦਾਲਤ ਵੱਲੋਂ ਸੀ ਵਿਕਟਰ ਸਿੰਘ ਤੇ ਐਮ ਜੇਮਜ਼ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕੀਤੀ ਜਾ ਰਹੀ ਸੀ। -ਪੀਟੀਆਈ

Advertisement
Advertisement
Advertisement
×