ਮਨੀਪੁਰ: ਹਿੰਸਾਗ੍ਰਸਤ ਇਲਾਕੇ ’ਚ ਹਾਲਾਤ ਤਣਾਅਪੂਰਨ
ਇੰਫਾਲ, 9 ਜੂਨ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਹਾਲਾਤ ਤਣਾਅਪੂਰਨ ਪਰ ਕਾਬੂ ਹੇਠ ਹਨ। ਸ਼ੱਕੀ ਅਤਿਵਾਦੀਆਂ ਵੱਲੋਂ ਦੋ ਪੁਲੀਸ ਚੌਕੀਆਂ ਅਤੇ 70 ਘਰ ਸਾੜੇ ਜਾਣ ਮਗਰੋਂ ਸੂਬੇ ’ਚ ਹਿੰਸਾ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਪੁਲੀਸ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਭਾਵਿਤ ਇਲਾਕਿਆਂ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਸੋਰੋਕ ਅਤਿੰਗਬੀ ਖੂਨੋਊ ’ਚ ਸ਼ਨਿਚਰਵਾਰ ਦੇਰ ਰਾਤ ਭੀੜ ਨੇ ਇਕ ਟਰੱਕ ਨੂੰ ਰੋਕ ਕੇ ਉਸ ’ਚ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ। ਸੂਬਾ ਸਰਕਾਰ ਨੇ ਜਿਰੀਬਾਮ ਦੇ ਐੱਸਪੀ ਏ. ਘਣਸ਼ਿਆਮ ਸ਼ਰਮਾ ਦਾ ਮਨੀਪੁਰ ਪੁਲੀਸ ਟਰੇਨਿੰਗ ਕਾਲਜ ਦੇ ਵਧੀਕ ਡਾਇਰੈਕਟਰ ਅਹੁਦੇ ’ਤੇ ਤਬਾਦਲਾ ਕਰ ਦਿੱਤਾ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਲਾਮਤਾਈ ਖੂਨੋਊ, ਡਿਬੌਂਗ ਖੂਨੋਊ, ਨਨਖਾਲ ਅਤੇ ਬੇਗਰਾ ਪਿੰਡਾਂ ’ਚ 70 ਤੋਂ ਵੱਧ ਘਰ ਸਾੜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਸੋਸ਼ਲ ਮੀਡੀਆ ਪੋਸਟਾਂ ’ਤੇ ਨਿਗਰਾਨੀ ਰੱਖ ਰਹੀ ਹੈ ਜਿਨ੍ਹਾਂ ਨਾਲ ਫਿਰਕੂ ਭਾਵਨਾਵਾਂ ਭੜਕ ਸਕਦੀਆਂ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਸਦੀਕ ਕੀਤੇ ਬਿਨਾਂ ਕਿਸੇ ਜਾਣਕਾਰੀ ਨੂੰ ਸਾਂਝੀ ਕਰਨ ਤੋਂ ਗੁਰੇਜ਼ ਕਰਨ। ਜਿਰੀਬਾਮ ’ਚ ਵੀਰਵਾਰ ਸ਼ਾਮ ਹਿੰਸਾ ਭੜਕ ਉੱਠੀ ਸੀ ਜਦੋਂ ਸ਼ੱਕੀ ਅਤਿਵਾਦੀਆਂ ਨੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ। ਉਸ ਦੀ ਪਛਾਣ ਸੋਇਬਾਮ ਸ਼ਰਤਕੁਮਾਰ ਸਿੰਘ ਵਜੋਂ ਹੋਈ ਜੋ 6 ਜੂਨ ਤੋਂ ਲਾਪਤਾ ਸੀ ਅਤੇ ਬਾਅਦ ’ਚ ਉਸ ਦੀ ਲਾਸ਼ ਮਿਲੀ ਸੀ। ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ’ਚ ਸਹਿਯੋਗ ਲਈ ਇੰਫਾਲ ਤੋਂ ਜਿਰੀਬਾਮ ’ਚ 70 ਪੁਲੀਸ ਕਮਾਂਡੋਜ਼ ਲਿਆਂਦੇ ਗਏ ਹਨ। -ਪੀਟੀਆਈ