ਮਨੀਪੁਰ: ਸਰਕਾਰ ਨੇ ਜਿਰੀਬਾਮ ਸਣੇ ਛੇ ਪੁਲੀਸ ਥਾਣਾ ਖੇਤਰਾਂ ’ਚ ਮੁੜ ਲਗਾਇਆ ਅਫਸਪਾ
ਨਵੀਂ ਦਿੱਲੀ/ਇੰਫਾਲ, 14 ਨਵੰਬਰ
ਕੇਂਦਰ ਨੇ ਮਨੀਪੁਰ ਦੇ ਹਿੰਸਾ ਪ੍ਰਭਾਵਿਤ ਜਿਰੀਬਾਮ ਸਣੇ ਛੇ ਪੁਲੀਸ ਥਾਣਾ ਖੇਤਰਾਂ ਵਿੱਚ ਹਥਿਆਰਬੰਦ ਬਲ ਵਿਸ਼ੇਸ਼ ਸ਼ਕਤੀਆਂ ਕਾਨੂੰਨ (ਅਫਸਪਾ) ਨੂੰ ਮੁੜ ਲਾਗੂ ਕਰ ਦਿੱਤਾ ਹੈ। ਅਫਸਪਾ ਅਸ਼ਾਂਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਹਥਿਆਰਬੰਦ ਬਲਾਂ ਨੂੰ ਤਲਾਸ਼ੀ ਲੈਣ, ਗ੍ਰਿਫ਼ਤਾਰੀ ਕਰਨ ਅਤੇ ਗੋਲੀਬਾਰੀ ਕਰਨ ਦੇ ਵਿਆਪਕ ਅਧਿਕਾਰ ਦਿੰਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਇਹ ਫ਼ੈਸਲਾ ਉੱਥੇ ਜਾਰੀ ਜਾਤੀ ਹਿੰਸਾ ਕਾਰਨ ਲਗਾਤਾਰ ਅਸਥਿਰ ਸਥਿਤੀ ਨੂੰ ਦੇਖਦਿਆਂ ਲਿਆ ਗਿਆ ਹੈ। ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਸੇਕਮਾਈ ਅਤੇ ਲਮਸਾਂਗ, ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਲਮਲਾਈ, ਜਿਰੀਬਾਮ ਜ਼ਿਲ੍ਹੇ ਵਿੱਚ ਜਿਰੀਬਾਮ, ਕਾਂਗਪੋਕਪੀ ਵਿੱਚ ਲੀਮਾਖੋਂਗ ਅਤੇ ਬਿਸ਼ਨੂਪਰ ਵਿੱਚ ਮੋਈਰਾਂਗ ਪੁਲੀਸ ਥਾਣਾ ਖੇਤਰਾਂ ਵਿੱਚ ਮੁੜ ਅਫਸਪਾ ਲਗਾਇਆ ਗਿਆ ਹੈ।
ਇਸੇ ਦੌਰਾਨ ਸੁਰੱਖਿਆ ਬਲਾਂ ਨੇ ਮਨੀਪੁਰ ਦੇ ਜਿਰੀਬਾਮ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਜਿਰੀਬਾਮ ਜ਼ਿਲ੍ਹੇ ਦੇ ਚੰਪਾਨਗਰ, ਨਾਰਾਇਣਪੁਰ, ਥੰਗਬੋਈਪੁੰਜਰੇ ਇਲਾਕੇ ਵਿੱਚ ਘੇਰਾਬੰਦੀ ਤੇ ਤਾਲਸ਼ੀ ਮੁਹਿੰਮ ਦੌਰਾਨ ਮੋਰਟਾਰ ਅਤੇ ਕਾਰਤੂਸ ਬਰਾਮਦ ਕੀਤੇ। ਇਸੇ ਤਰ੍ਹਾਂ ਚੂਰਾਚਾਂਦਪੁਰ ਜ਼ਿਲ੍ਹੇ ਦੇ ਐੱਚ ਕੋਟਲਿਆਨ ਪਿੰਡ ਤੋਂ ਸੁਰੱਖਿਆ ਬਲਾਂ ਨੇ ਇੱਕ ਰਾਈਫਲ, ਇੱਕ ਪਿਸਤੌਲ, ਸਥਾਨਕ ਤੌਰ ’ਤੇ ਬਣਾਈਆਂ ਘੱਟ ਦੂਰੀ ਵਾਲੀਆਂ ਦੋ ਤੋਪਾਂ, ਏਕੇ 47 ਦੀਆਂ ਪੰਜ ਗੋਲੀਆਂ ਜ਼ਬਤ ਕੀਤੀਆਂ ਹਨ। -ਪੀਟੀਆਈ