ਮਨੀਪੁਰ: ਖੋਹੇ ਹਥਿਆਰਾਂ ਦੀ ਬਰਾਮਦਗੀ ਲਈ ਪ੍ਰਸ਼ਾਸਨ ਨੇ ਬਕਸੇ ਲਾਏ
ਇੰਫਾਲ/ਚੂਰਾਚਾਂਦਪੁਰ, 14 ਅਪਰੈਲ
ਮਨੀਪੁਰ ਵਿੱਚ ਖੋਹੇ ਗਏ ਹਥਿਆਰ ਵਾਪਸ ਲੈਣ ਲਈ ਪ੍ਰਸ਼ਾਸਨ ਨੇ ਮੁੜ ਤੋਂ ਹੰਭਲਾ ਮਾਰਿਆ ਹੈ। ਇੰਫਾਲ ਅਤੇ ਚੂਰਾਚੰਦਪੁਰ ਦੀਆਂ ਸੜਕਾਂ ’ਤੇ ਕੁੱਝ ਬਕਸੇ ਮਿਲੇ ਹਨ ਜਿਨ੍ਹਾਂ ’ਤੇ ਲਿਖਿਆ ਹੋਇਆ ਹੈ, ‘ਕਿਰਪਾ ਕਰ ਕੇ ਖੋਹੇ ਗਏ ਹਥਿਆਰਾਂ ਨੂੰ ਇਨ੍ਹਾਂ ’ਚ ਰੱਖ ਦਿੱਤਾ ਜਾਵੇ।’ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਚੋਣ ਪੋਸਟਰ, ਬੈਨਰ ਅਤੇ ਰੈਲੀਆਂ ਆਦਿ ਗਾਇਬ ਹਨ ਪਰ ਬੰਦੂਕਾਂ ਦੀਆਂ ਤਸਵੀਰਾਂ ਵਾਲੇ ਇਹ ਬਕਸੇ ਵੱਖ-ਵੱਖ ਥਾਈਂ ਮਿਲ ਰਹੇ ਹਨ। ਬਕਸਿਆਂ ਵਿੱਚ ਲੋਕਾਂ ਨੂੰ ਭੀੜ ਵੱਲੋਂ ਸੁਰੱਖਿਆ ਬਲਾਂ ਤੋਂ ਖੋਹੇ ਗਏ ਹਥਿਆਰ ਰੱਖਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਹਿੰਸਾ ਪ੍ਰਭਾਵਿਤ ਸੂਬੇ ਵਿੱਚ ਲੁੱਟੇ ਗਏ 4,200 ਤੋਂ ਵੱਧ ਹਥਿਆਰਾਂ ਬਾਰੇ ਹਾਲੇ ਵੀ ਕੁੱਝ ਪਤਾ ਨਹੀਂ ਲੱਗਾ ਹੈ। ਇਨ੍ਹਾਂ ਬਕਸਿਆਂ ਤੋਂ ਇਲਾਵਾ ਸੁਰੱਖਿਆ ਬਲਾਂ ਵੱਲੋਂ ਹਥਿਆਰਾਂ ਦੀ ਬਰਾਮਦਗੀ ਲਈ ਵੱਖ-ਵੱਖ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਲੁੱਟੇ ਗਏ 6,000 ਹਥਿਆਰਾਂ ’ਚੋਂ ਹਾਲੇ ਸਿਰਫ 1,800 ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਅਤੇ ਮਾਹਿਰਾਂ ਮੁਤਾਬਕ ਚੋਣਾਂ ਦੇ ਮਾਹੌਲ ਦਰਮਿਆਨ ਇਹ ਚਿੰਤਾ ਦਾ ਵਿਸ਼ਾ ਹੈ।
ਇੰਫਾਲ ਪੂਰਬੀ ਦੇ ਭਾਜਪਾ ਵਿਧਾਇਕ ਦੇ ਘਰ ਨੇੜੇ ਵੀ ਅਜਿਹਾ ਬਕਸਾ ਰੱਖਿਆ ਗਿਆ ਹੈ। ਖ਼ਬਰ ਏਜੰਸੀ ‘ਪੀਟੀਆਈ’ ਦੇ ਰਿਪੋਰਟਰ ਨੇ ਜਦੋਂ ਇੰਫਾਲ ਵਾਦੀ ਅਤੇ ਚੂਰਾਚੰਦਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਤਾਂ ਤਿੰਨ ਥਾਈਂ ਅਜਿਹੇ ਬਕਸੇ ਮਿਲੇ। ਇਨ੍ਹਾਂ ’ਚੋਂ ਕੁਝ ਵਿੱਚ ਬੰਦੂਕਾਂ ਸਨ ਜਦਕਿ ਕੁੱਝ ਖਾਲੀ ਸਨ। ਇਸ ਦੌਰਾਨ ਹਥਿਆਰਾਂ ਨਾਲ ਲੈਸ ਕੁੱਝ ਲੋਕ ਵਿਅਕਤੀ ਦੇਖੇ ਗਏ ਜੋ ਖੁਦ ਨੂੰ ‘ਪਿੰਡਾਂ ਦੇ ਵਲੰਟੀਅਰ’ ਹੋਣ ਦਾ ਦਾਅਵਾ ਕਰ ਰਹੇ ਸਨ। ਉੱਤਰ-ਪੂਰਬੀ ਰਾਜਾਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੇ ਲਾਇਸੰਸਸ਼ੁਦਾ ਹਥਿਆਰ ਧਾਰਕਾਂ ਨੂੰ ਚੋਣਾਂ ਤੋਂ ਪਹਿਲਾਂ ਆਪਣੇ ਹਥਿਆਰ ਨੇੜਲੇ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ
ਦਿੱਤੇ ਹਨ। -ਪੀਟੀਆਈ