For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ‘ਡਬਲ ਇੰਜਣ ਸਰਕਾਰ’ ਦਾ ਇਮਤਿਹਾਨ

06:38 AM Nov 04, 2023 IST
ਮਨੀਪੁਰ  ‘ਡਬਲ ਇੰਜਣ ਸਰਕਾਰ’ ਦਾ ਇਮਤਿਹਾਨ
Advertisement

ਰਾਮਚੰਦਰ ਗੁਹਾ

ਪਿਛਲੇ 15 ਕੁ ਦਿਨਾਂ ਦੀਆਂ ਸੁਰਖੀਆਂ ’ਚ ਦੋ ਗੱਲਾਂ ਛਾਈਆਂ ਹੋਈਆਂ ਹਨ: ਕ੍ਰਿਕਟ ਵਿਸ਼ਵ ਕੱਪ ਦੇ ਮੈਚ ਅਤੇ ਇਜ਼ਰਾਈਲ ਵਲੋਂ ਗਾਜ਼ਾ ’ਤੇ ਵਹਿਸ਼ੀਆਨਾ ਬੰਬਾਰੀ ਜੋ ਉਸ ਨੇ ਆਪਣੀ ਸਰਜ਼ਮੀਨ ’ਤੇ ਹਮਾਸ ਦੇ ਦਹਿਸ਼ਤਗਰਦ ਹਮਲੇ ਦਾ ਬਦਲਾ ਲੈਣ ਦੇ ਨਾਂ ’ਤੇ ਵਿੱਢੀ ਹੈ। ਅਸੀਂ ਇਨ੍ਹਾਂ ਦੋਵਾਂ ’ਚੋਂ ਕਿਸੇ ਨਾਲ ਕਿਸੇ ਗੱਲ ਵਿਚ ਇਸ ਕਦਰ ਗਲਤਾਨ ਹੋਏ ਪਏ ਹਾਂ ਕਿ ਸਾਨੂੰ ਚਿੱਤ ਚੇਤਾ ਹੀ ਨਹੀਂ ਕਿ ਮਨੀਪੁਰ ਦੇ ਸੰਕਟ ਨੂੰ ਛੇ ਮਹੀਨੇ ਹੋ ਗਏ ਹਨ। ਉੱਥੇ ਹਿੰਸਾ ਭੜਕਣ ਤੋਂ ਕੁਝ ਹਫ਼ਤੇ ਬਾਅਦ ਮੈਂ ਅੰਗਰੇਜ਼ੀ ਦੀ ਇਕ ਅਖ਼ਬਾਰ ਵਿਚ ਲੇਖ ਲਿਖਿਆ ਸੀ ਤੇ ਇਕ ਵੈੱਬਸਾਈਟ ਨੂੰ ਇੰਟਰਵਿਊ ਦਿੱਤਾ ਸੀ ਅਤੇ ਸਥਤਿੀ ਦੀ ਗੰਭੀਰਤਾ ਸਮਝਣ ’ਤੇ ਜ਼ੋਰ ਦਿੱਤਾ ਸੀ। ਮੇਰੇ ਲੇਖ ’ਤੇ ਕਿਸੇ ਟਿੱਪਣੀਕਾਰ ਨੇ ਬੜਾ ਢੁਕਵਾਂ ਪ੍ਰਤੀਕਰਮ ਦਿੱਤਾ ਸੀ: “ਭਾਜਪਾ ਦੀ ਸਮੱਸਿਆ ਇਹ ਹੈ ਕਿ ਉਹ ਮਨੀਪੁਰ ਨੂੰ ਕੋਈ ਕੌਮੀ ਸੰਕਟ ਨਹੀਂ ਮੰਨਦੀ, ਉਨ੍ਹਾਂ ਦਾ ਖਿਆਲ ਹੈ ਕਿ ਫਰਾਂਸ ਦੀਆਂ ਸੜਕਾਂ ’ਤੇ ਹੋ ਰਹੇ ਪ੍ਰਦਰਸ਼ਨ ਕੌਮੀ ਸੰਕਟ ਹਨ, ਕਿਸੇ ਪਾਕਿਸਤਾਨੀ ਔਰਤ ਦਾ ਭਾਰਤੀ ਬੰਦੇ ਨਾਲ ਵਿਆਹ ਕਰਵਾਉਣਾ ਕੌਮੀ ਸੰਕਟ ਹੈ, ਕਿਸੇ ਛੋਟੇ ਜਿਹੇ ਪਿੰਡ ਵਿਚ ਇਕ ਮੁਸਲਮਾਨ ਦੀ ਕਿਸੇ ਹਿੰਦੂ ਨਾਲ ਸ਼ਾਦੀ ਹੋ ਜਾਵੇ ਤਾਂ ਇਹ ਕੌਮੀ ਸੰਕਟ ਬਣ ਜਾਂਦਾ ਹੈ।”
ਹੋ ਸਕਦਾ ਹੈ, ਇਹ ਲੇਖ ਸਾਡਾ ਸਾਰਿਆਂ ਦਾ ਧਿਆਨ ਇਕ ਵਾਰ ਮੁੜ ਮਨੀਪੁਰ ਦੇ ਸੰਕਟ ਜੋ ਹੁਣ ਆਪਣੇ ਸੱਤਵੇਂ ਮਹੀਨੇ ਵਿਚ ਦਾਖ਼ਲ ਹੋ ਗਿਆ ਹੈ, ਵੱਲ ਖਿੱਚਣ ਵਿਚ ਸਫ਼ਲ ਨਾ ਵੀ ਹੋ ਸਕੇ। ਮਨੀਪੁਰ ਵਿਚ ਮੇਰੀ ਆਪਣੀ ਦਿਲਚਸਪੀ ਇਤਿਹਾਸਕਾਰ ਵਜੋਂ ਹੋਈ ਸੀ ਤਾਂ ਕਿ ਮੈਂ ਇਹ ਸਮਝ ਸਕਾਂ ਕਿ ਕਿਵੇਂ ਇਹ 1949 ਵਿਚ ਭਾਰਤੀ ਸਟੇਟ/ਰਿਆਸਤ ਦਾ ਹਿੱਸਾ ਬਣਿਆ ਅਤੇ ਉਦੋਂ ਤੋਂ ਇਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਕੁਝ ਸਾਲ ਪਹਿਲਾਂ ਜਦੋਂ ਮਨੀਪੁਰ ਦਾ ਦੌਰਾ ਕੀਤਾ ਸੀ ਤਾਂ ਇਸ ਦੇ ਕੁਦਰਤੀ ਸੁਹੱਪਣ, ਸੰਗੀਤ ਅਤੇ ਨ੍ਰਤਿ ਦੀਆਂ ਰਵਾਇਤਾਂ ਦੀ ਅਮੀਰੀ, ਔਰਤਾਂ ਦੀ ਆਜ਼ਾਦੀ ਅਤੇ ਇਸ ਦੇ ਨਾਲ ਹੀ ਇਸ ਦੇ ਤਿੰਨ ਮੁੱਖ ਨਸਲੀ ਸਮੂਹਾਂ ਮੈਤੇਈਆਂ, ਨਾਗਿਆਂ ਅਤੇ ਕੁਕੀਆਂ ਦੇ ਆਪਸੀ ਸਬੰਧ ਦੇਖ ਜਾਣ ਕੇ ਮੇਰੀ ਦਿਲਚਸਪੀ ਹੋਰ ਗਹਿਰੀ ਹੋ ਗਈ ਸੀ। ਹਾਲਾਂਕਿ ਇਕ ਇਤਿਹਾਸਕਾਰ ਅਤੇ ਮੁਸਾਫਿ਼ਰ ਦੀ ਨਜ਼ਰ ਤੋਂ ਤਣਾਅ ਸਾਫ਼ ਨਜ਼ਰ ਆ ਰਿਹਾ ਸੀ ਪਰ ਜਿਸ ਪੈਮਾਨੇ ਅਤੇ ਸ਼ਿੱਦਤ ਨਾਲ ਮੌਜੂਦਾ ਟਕਰਾਅ ਸਾਹਮਣੇ ਆਇਆ, ਉਸ ਦੀ ਪਿੱਛੇ ਕਤਿੇ ਮਿਸਾਲ ਨਹੀਂ ਮਿਲਦੀ ਅਤੇ ਸ਼ਾਇਦ ਕਿਸੇ ਨੇ ਇਸ ਦਾ ਕਿਆਸ ਵੀ ਨਹੀਂ ਕੀਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੈਤੇਈ ਖਾੜਕੂਆਂ (ਮਿਲੀਟੈਂਟਾਂ) ਅਤੇ ਕੁਕੀ-ਜ਼ੋ ਖਾੜਕੂਆਂ ਨੇ ਇਕ ਦੂਜੇ ਨੂੰ ਸਿਰੇ ਦਾ ਦੁਸ਼ਮਣ ਮੰਨ ਲਿਆ ਹੈ। ਜ਼ਮੀਨ ’ਤੇ ਹਿੰਸਾ ਦਾ ਇਕ ਰੂਪ ਆਨਲਾਈਨ ਵੀ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਗਾਲੀ ਗਲੋਚ ਵਾਲੀਆਂ ਟਿੱਪਣੀਆਂ ਦਾ ਦੌਰ ਚੱਲਦਾ ਰਿਹਾ ਹੈ।
ਮਨੀਪੁਰ ਦੇ ਸੰਕਟ ਮੁਤੱਲਕ ਜੋ ਕੁਝ ਅਸੀਂ ਜਾਣਦੇ ਹਾਂ, ਗੋਦੀ ਮੀਡੀਆ ਨੇ ਉਹ ਸਭ ਕੁਝ ਲੁਕੋਅ ਲਿਆ ਜਾਂ ਨਜ਼ਰਅੰਦਾਜ਼ ਕਰ ਛੱਡਿਆ ਹੈ। ਚੰਗੇ ਭਾਗੀਂ, ਸਾਨੂੰ ‘ਸਕਰੌਲ’ ਅਤੇ ‘ਦਿ ਵਾਇਰ’ ਜਿਹੀਆਂ ਸੁਤੰਤਰ ਵੈੱਬਸਾਈਟਾਂ ਰਾਹੀਂ ਉੱਥੋਂ ਦੀਆਂ ਅਸਲ ਘਟਨਾਵਾਂ ਦਾ ਪਤਾ ਲੱਗ ਸਕਿਆ। ‘ਸਕਰੌਲ’ ਨੇ ਆਪਣਾ ਧਿਆਨ ਜ਼ਮੀਨੀ ਰਿਪੋਰਟਾਂ ਅਤੇ ‘ਦਿ ਵਾਇਰ’ ਨੇ ਮਸਲੇ ਨਾਲ ਜੁੜੇ ਵੱਖ ਵੱਖ ਸਮੂਹਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਉੱਪਰ ਕੇਂਦਰਤ ਕੀਤਾ। ਇਨ੍ਹਾਂ ਤੋਂ ਇਲਾਵਾ ਮੈਂ ਉਸ ਸੂਬੇ ਦੇ ਵੱਖੋ ਵੱਖਰੇ ਖੇਤਰਾਂ ਨਾਲ ਜੁੜੇ ਆਪਣੇ ਸਹਿਕਰਮੀਆਂ ਨਾਲ ਗੱਲ ਕਰ ਕੇ ਖ਼ੁਦ ਨੂੰ ਬਾਖ਼ਬਰ ਰੱਖਿਆ ਹੈ।
ਇਹ ਗੱਲ ਮੰਨਣਯੋਗ ਹੈ ਕਿ ਮਈ 2023 ਤੋਂ ਪਹਿਲਾਂ ਵੀ ਕੁਕੀ ਅਤੇ ਮੈਤੇਈ ਲੋਕਾਂ ਦਰਮਿਆਨ ਮੁਕੰਮਲ ਸਦਭਾਵਨਾ ਨਹੀਂ ਸੀ। ਉਨ੍ਹਾਂ ਦੇ ਧਰਮ ਵੱਖੋ ਵੱਖਰੇ ਸਨ, ਜਿ਼ਆਦਾਤਰ ਕੁਕੀ ਈਸਾਈ ਹਨ ਅਤੇ ਬਹੁਤੇ ਮੈਤੇਈ ਹਿੰਦੂ ਹਨ। ਕੁਕੀ ਪਹਾੜੀ ਖੇਤਰਾਂ ਵਿਚ ਵਸਦੇ ਹਨ, ਮੈਤੇਈਆਂ ਦੀ ਬਹੁਗਿਣਤੀ ਇੰਫਾਲ ਵਾਦੀ ਵਿਚ ਹੈ। ਕੁਕੀ ਆਮ ਤੌਰ ’ਤੇ ਮੈਤੇਈ ਸਿਆਸਤਦਾਨਾਂ ਵਲੋਂ ਆਪਣੇ ਭਾਈਚਾਰੇ ਦੀ ਪੁਸ਼ਤਪਨਾਹੀ ਖਿਲਾਫ਼ ਰੋਸ ਜਤਾਉਂਦੇ ਸਨ; ਮੈਤੇਈਆਂ ਨੂੰ ਸ਼ਿਕਾਇਤ ਸੀ ਕਿ ਕੁਕੀਆਂ ਨੂੰ ਅਨੁਸੂਚਤਿ ਕਬੀਲੇ ਦਾ ਦਰਜਾ ਮਿਲਣ ਕਰ ਕੇ ਸਰਕਾਰੀ ਨੌਕਰੀਆਂ ਹਾਸਿਲ ਕਰਨ ਵਿਚ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ।
ਸਾਡੇ ਦੇਸ਼ ਅੰਦਰ ਵੱਖ ਵੱਖ ਨਸਲੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਟਕਰਾਅ ਨਵਾਂ ਵਰਤਾਰਾ ਨਹੀਂ। ਅਜਿਹੇ ਟਕਰਾਅ ਆਜ਼ਾਦ ਮੁਲਕ ਵਜੋਂ ਸਾਡੀ ਕਵਾਇਦ ਦਾ ਸਥਾਈ ਲੱਛਣ ਬਣੇ ਰਹੇ ਹਨ। ਇਸ ਗੜਬੜਜ਼ਦਾ ਇਤਿਹਾਸ ਦੇ ਬਾਵਜੂਦ ਮੈਤੇਈਆਂ ਅਤੇ ਕੁਕੀਆਂ ਦਰਮਿਆਨ ਚੱਲ ਰਹੇ ਟਕਰਾਅ ਹਿੰਸਾ ਦੇ ਪੈਮਾਨੇ ਤੇ ਖ਼ਾਸਕਰ ਮੁਕੰਮਲ ਧਰੁਵੀਕਰਨ ਦੇ ਲਿਹਾਜ਼ ਤੋਂ ਇਹ ਆਪਣੀ ਕਿਸਮ ਦਾ ਵਰਤਾਰਾ ਹੋ ਨਿੱਬੜਿਆ ਹੈ। ਸੁਤੰਤਰ ਸਮੀਖਿਅਕਾਂ ਦੇ ਇਕੱਤਰ ਸਬੂਤਾਂ ਤੋਂ ਪਤਾ ਲੱਗਿਆ ਹੈ ਕਿ ਟਕਰਾਅ ਵਿਚ ਕੁਕੀਆਂ ਨੂੰ ਨਿਸਬਤਨ ਜਿ਼ਆਦਾ ਨੁਕਸਾਨ ਝੱਲਣਾ ਪਿਆ ਕਿਉਂਕਿ ਰਾਜਕੀ ਸੱਤਾ ’ਤੇ ਮੈਤੇਈਆਂ ਦਾ ਕਬਜ਼ਾ ਹੈ ਅਤੇ ਪੁਲੀਸ ਤੇ ਨੌਕਰਸ਼ਾਹੀ ਮੈਤੇਈ ਸਿਆਸਤਦਾਨਾਂ ਨੂੰ ਰਿਪੋਰਟ ਕਰਦੀ ਹੈ।
ਮਈ 2023 ਤੋਂ ਪਹਿਲਾਂ ਵੀ ਮੈਤੇਈਆਂ ਅਤੇ ਕੁਕੀਆਂ ਦਰਮਿਆਨ ਇਕ ਹੱਦ ਤੱਕ ਬੇਵਿਸਾਹੀ ਦਾ ਮਾਹੌਲ ਸੀ; ਉਸ ਤੋਂ ਬਾਅਦ ਤਾਂ ਰਿਸ਼ਤੇ ਜ਼ਹਿਰੀਲੇ ਹੋ ਗਏ। ਕਿਸੇ ਵੇਲੇ ਇੰਨੀ ਕੁ ਸਹਿਣਸ਼ੀਲਤਾ ਸੀ ਕਿ ਬਹੁਤ ਸਾਰੇ ਕੁਕੀ ਇੰਫਾਲ ਵਾਦੀ ਅਤੇ ਮੈਤੇਈ ਪਹਾੜੀ ਖੇਤਰਾਂ ਵਿਚ ਰਹਿ ਸਕਦੇ ਸਨ ਪਰ ਹੁਣ ਨਸਲੀ ਵਖਰੇਵਾਂ ਹੈ; ਕੁਕੀ ਇੰਫਾਲ ਵਾਦੀ ਛੱਡ ਗਏ ਹਨ ਅਤੇ ਮੈਤੇਈ ਪਹਾੜੀ ਖੇਤਰਾਂ ’ਚੋਂ ਜਾ ਚੁੱਕੇ ਹਨ।
ਇਹ ਜੋ ਤਰਾਸਦਿਕ ਹਾਲਾਤ ਬਣੇ ਹਨ, ਉਨ੍ਹਾਂ ਲਈ ਮੁੱਖ ਤੌਰ ’ਤੇ ਤਿੰਨ ਸ਼ਖ਼ਸ ਜਿ਼ੰਮੇਵਾਰ ਹਨ। ਪਹਿਲਾ ਹੈ ਮਨੀਪੁਰ ਦਾ ਮੁੱਖ ਮੰਤਰੀ ਬਿਰੇਨ ਸਿੰਘ ਜਿਸ ਨੇ ਨੰਗੇ ਚਿੱਟੇ ਰੂਪ ਵਿਚ ਮੈਤੇਈਆਂ ਦਾ ਪੱਖ ਪੂਰਿਆ। ਬਿਰੇਨ ਸਿੰਘ ਸਰਕਾਰ ਜਿੰਨੀ ਵਿਚਾਰਧਾਰਕ ਪੱਖਪਾਤੀ ਰਹੀ ਹੈ, ਉਸੇ ਹਿਸਾਬ ਨਾਲ ਇਸ ਦੀ ਪ੍ਰਸ਼ਾਸਕੀ ਨਾ-ਅਹਿਲੀਅਤ ਸਾਬਤਿ ਹੋਈ ਹੈ। ‘ਇੰਡੀਅਨ ਐਕਸਪ੍ਰੈਸ’ ਦੀ ਦਸਤਾਵੇਜ਼ੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਟਕਰਾਅ ਪੈਦਾ ਹੋਣ ਤੋਂ ਤੁਰੰਤ ਬਾਅਦ ਮਿਲੀਟੈਂਟ ਗਰੁੱਪਾਂ ਵਲੋਂ ਵੱਡੇ ਪੱਧਰ ’ਤੇ ਹਥਿਆਰਾਂ ਦੀ ਲੁੱਟ ਖੋਹ ਨੂੰ ਨਾ ਕੇਵਲ ਸੂਬਾ ਸਰਕਾਰ ਦੀ ਸਹਿਮਤੀ ਹਾਸਲ ਸੀ ਸਗੋਂ ਸ਼ਾਇਦ ਇਸ ਲਈ ਹੱਲਾਸ਼ੇਰੀ ਵੀ ਦਿੱਤੀ ਗਈ। ਲੁੱਟੇ ਗਏ ਹਥਿਆਰਾਂ ਦਾ ਮਾਮੂਲੀ ਹਿੱਸਾ ਹੀ ਅਜੇ ਤੱਕ ਬਰਾਮਦ ਕੀਤਾ ਜਾ ਸਕਿਆ ਹੈ।
ਮਨੀਪੁਰ ਵਿਚ ਚੱਲ ਰਹੀ ਤਰਾਸਦੀ ਦੀ ਦੂਜੀ ਵਿਅਕਤੀਗਤ ਜਿ਼ੰਮੇਵਾਰੀ ਕੇਂਦਰੀ ਗ੍ਰਹਿ ਮੰਤਰੀ ਦੀ ਹੈ ਜਿਨ੍ਹਾਂ ਸੂਬੇ ਦਾ ਦੌਰਾ ਕਰਨ ਤੋਂ ਬਾਅਦ ਹਿੰਸਾ ਨੂੰ ਠੱਲ੍ਹ ਪਾਉਣ ਲਈ ਕੋਈ ਤਰੱਦਦ ਨਹੀਂ ਕੀਤਾ ਸਗੋਂ ਉਹ ਹੋਰਨਾਂ ਸੂਬਿਆਂ ਵਿਚ ਅਸੈਂਬਲੀ ਚੋਣਾਂ ਮੌਕੇ ਆਪਣਾ ਸਮਾਂ ਤੇ ਊਰਜਾ ਵੋਟਰਾਂ ਦੇ ਧਰੁਵੀਕਰਨ ’ਤੇ ਲਾ ਰਹੇ ਹਨ। ਤੀਜੇ ਹਨ ਪ੍ਰਧਾਨ ਮੰਤਰੀ ਜੋ ਉਦੋਂ ਤੋਂ ਲੈ ਕੇ ਹੁਣ ਤੱਕ ਇਕ ਵਾਰ ਵੀ ਮਨੀਪੁਰ ਨਹੀਂ ਗਏ ਅਤੇ ਸਾਰਾ ਜਿ਼ੰਮਾ ਮੁੱਖ ਮੰਤਰੀ ਅਤੇ ਆਪਣੇ ਗ੍ਰਹਿ ਮੰਤਰੀ ਨੂੰ ਸੌਂਪ ਰੱਖਿਆ ਹੈ ਜਿਨ੍ਹਾਂ ਨੇ ਸੰਕਟ ਨੂੰ ਸੁਲਝਾਉਣ ਲਈ ਕੋਈ ਕਦਮ ਨਹੀਂ ਪੁੱਟਿਆ। ਪਤਾ ਨਹੀਂ ਇਹ ਸੰਵੇਦਨਹੀਣਤਾ ਹੈ ਜਾਂ ਹੰਕਾਰ ਪਰ ਮਨੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਇੰਝ ਛੱਡ ਦੇਣਾ, ਪ੍ਰਧਾਨ ਮੰਤਰੀ ਨੂੰ ਸੋਭਾ ਨਹੀਂ ਦਿੰਦਾ। ਜੇ ਨਰਿੰਦਰ ਮੋਦੀ ਸੂਬੇ ਦਾ ਦੌਰਾ ਕਰਦੇ ਅਤੇ ਵਾਦੀ ਤੇ ਪਹਾੜੀ ਖੇਤਰਾਂ ਦਾ ਜਾਇਜ਼ਾ ਲੈਂਦੇ ਤਾਂ ਇਸ ਨਾਲ ਸੰਕੇਤ ਜਾਣਾ ਸੀ ਕਿ ਮੈਤੇਈ ਹੋਣ ਜਾਂ ਕੁਕੀ ਜਾਂ ਕੋਈ ਹੋਰ, ਉਹ ਸਾਰੇ ਮਨੀਪੁਰੀ ਲੋਕਾਂ ਦੀ ਫਿ਼ਕਰ ਕਰਦੇ ਹਨ। ਇਸ ਨਾਲ ਟਕਰਾਅ ਵਿਚ ਸ਼ਾਮਿਲ ਦੋਵੇਂ ਭਾਈਚਾਰਿਆਂ ਦੇ ਆਗੂਆਂ ਵਿਚਕਾਰ ਗੱਲਬਾਤ ਸ਼ੁਰੂ ਹੋ ਸਕਦੀ ਸੀ।
ਮੁੱਖ ਮੰਤਰੀ ਬਿਰੇਨ ਸਿੰਘ ਨੇ ਉਹੀ ਕੀਤਾ ਜਿਸ ਵਿਚ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਮੈਤੇਈ ਨਸਲੀ ਸ਼੍ਰੇਸਠਤਾ ਨੂੰ ਸ਼ਹਿ ਦੇਣ ਨਾਲ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਵਿਚ ਮਦਦ ਮਿਲ ਸਕਦੀ ਹੈ ਪਰ ਅਮਤਿ ਸ਼ਾਹ ਅਤੇ ਨਰਿੰਦਰ ਮੋਦੀ ਨੇ ਮਨੀਪੁਰ ਅਤੇ ਉੱਥੋਂ ਦੇ ਲੋਕਾਂ ਨੂੰ ਇੰਝ ਅਣਡਿੱਠ ਕਿਉਂ ਕੀਤਾ? ਕੀ ਇਸ ਦਾ ਕਾਰਨ ਇਹ ਸੀ ਕਿ ਇਸ ਦੇ ਪਹਿਲੇ ਕਦਮ ਵਜੋਂ ਬਿਰੇਨ ਸਿੰਘ ਦੀ ਬਰਤਰਫ਼ੀ ਨਾਲ ਕਮਜ਼ੋਰੀ ’ਤੇ ਮੋਹਰ ਲੱਗ ਜਾਣੀ ਸੀ? ਕੀ ਇਸ ਲਈ ਕਿ ਉਹ ਇਹ ਸੋਚਦੇ ਹਨ ਕਿ ਕੁਕੀਆਂ ਨੂੰ ਬਦਨਾਮ ਕਰਨ ਨਾਲ ਉਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿਚ ਹਿੰਦੂ ਵੋਟਾਂ ਨੂੰ ਇਕਜੁੱਟ ਕਰਨ ਵਿਚ ਮਦਦ ਮਿਲ ਸਕਦੀ ਹੈ?
ਪਿਛਲੇ ਕੁਝ ਮਹੀਨਿਆਂ ਤੋਂ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਮਨੀਪੁਰ ਬਾਰੇ ਚੁੱਪ ਵੱਟੀ ਹੋਈ ਹੈ; ਰਾਜਸਥਾਨ, ਤਿਲੰਗਾਨਾ ਅਤੇ ਹੋਰ ਸੂਬਿਆਂ ਦੇ ਚੋਣ ਪ੍ਰਚਾਰ ਦੌਰਾਨ ਦੌਰਾਨ ਉਹ ਹੋਰ ਮੁੱਦਿਆਂ ’ਤੇ ਬਥੇਰਾ ਬੋਲ ਰਹੇ ਹਨ। ਦਿਲਚਸਪ ਗੱਲ ਹੈ ਕਿ ਆਰਐੱਸਐੱਸ ਦੇ ਮੁਖੀ ਨੇ ਵਜਿੈ ਦਸ਼ਮੀ ਸਮਾਗਮ ਮੌਕੇ ਆਪਣੇ ਭਾਸ਼ਣ ਵਿਚ ਮਨੀਪੁਰ ਦਾ ਮੁੱਦਾ ਛੋਹਿਆ ਸੀ ਜਿਸ ਵਿਚ ਉਨ੍ਹਾਂ ਆਖਿਆ- “ਲੰਮੇ ਸਮੇਂ ਤੋਂ ਇਕੱਠੇ ਰਹਿੰਦੇ ਮੈਤੇਈਆਂ ਅਤੇ ਕੁਕੀਆਂ ਵਿਚਕਾਰ ਐਨਾ ਟਕਰਾਅ ਕਿਉਂ ਪੈਦਾ ਹੋਇਆ? ਇਸ ਤੋਂ ਕਿਸ ਨੂੰ ਲਾਭ ਹੋ ਰਿਹਾ ਹੈ? ਕੀ ਕੋਈ ਬਾਹਰੀ ਸ਼ਕਤੀਆਂ ਸਨ? ਉੱਥੇ ਮਜ਼ਬੂਤ ਸਰਕਾਰ ਮੌਜੂਦ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਸੂਬੇ ਦਾ ਦੌਰਾ ਕੀਤਾ ਸੀ ਪਰ ਜਦੋਂ ਵੀ ਮਾਮਲਾ ਸ਼ਾਂਤ ਹੋਣ ਲੱਗਦਾ ਹੈ ਤਾਂ ਕੋਈ ਨਾ ਕੋਈ ਤਰਾਸਦੀ ਵਾਪਰ ਜਾਂਦੀ ਹੈ... ਇਹ ਲੋਕ ਕੌਣ ਹਨ? ਇਸ ਨੂੰ ਭੜਕਾਇਆ ਜਾ ਰਿਹਾ ਹੈ।”
ਮੋਹਨ ਭਾਗਵਤ ਦੇ ਇਸ ਭਾਸ਼ਣ ਤੋਂ ਪਹਿਲਾਂ ਅਤੇ ਬਾਅਦ ਵਿਚ ਮਨੀਪੁਰ ਦੇ ਸੰਕਟ ਲਈ ਵਿਦੇਸ਼ੀ ਹੱਥ ਜਿ਼ੰਮੇਵਾਰ ਹੋਣ ਦੇ ਦੋਸ਼ ਨੂੰ ਸੋਸ਼ਲ ਮੀਡੀਆ ’ਤੇ ਖੂਬ ਪ੍ਰਚਾਰਿਆ ਗਿਆ। ਇਹ ਇਸ਼ਾਰਾ ਵੀ ਕੀਤਾ ਜਾ ਰਿਹਾ ਹੈ ਕਿ ਕੁਕੀ ਜਿ਼ਆਦਾਤਰ ਈਸਾਈ ਹਨ; ਮੈਤੇਈ ਜਿ਼ਆਦਾਤਰ ਹਿੰਦੂ ਹਨ ਜਿਸ ਕਰ ਕੇ ਉਹ ਪੱਕੇ ਤੇ ਪੂਰੀ ਤਰ੍ਹਾਂ ਦੇਸ਼ਭਗਤ ਹਨ। ਇਹ ਦਾਅਵੇ ਨਿਰੇ ਝੂਠੇ ਤੇ ਬੇਬੁਨਿਆਦ ਹਨ।
ਫਿਲਹਾਲ ਮਨੀਪੁਰ ਸੰਕਟ ਦੀ ਸ਼ਿੱਦਤ ਵਿਚ ਕਮੀ ਆਉਣ ਦੇ ਕੋਈ ਸੰਕੇਤ ਨਹੀਂ ਜੋ ‘ਡਬਲ ਇੰਜਣ ਸਰਕਾਰ’ ਦੀ ਸਿਰੇ ਦੀ ਨਾਕਾਮੀ ਹੈ। ਕੇਂਦਰ ਅਤੇ ਸੂਬੇ ਵਿਚ ਆਪਣੇ ਬਹੁਮਤ ਦੇ ਬਾਵਜੂਦ ਪੁਲੀਸ ਤੇ ਨੀਮ ਫ਼ੌਜੀ ਦਸਤਿਆਂ ਅਤੇ ਕਾਨੂੰਨ ਵਿਵਸਥਾ ਉਪਰ ਕੰਟਰੋਲ ਹੋਣ ਦੇ ਬਾਵਜੂਦ ਮੋਦੀ-ਸ਼ਾਹ ਸਰਕਾਰ ਨੇ ਮਨੀਪੁਰ ਅਤੇ ਮਨੀਪੁਰ ਦੀ ਅਵਾਮ ਨੂੰ ਇਸ ਨੌਬਤ ਨੂੰ ਪਹੁੰਚਾ ਦਿੱਤਾ ਹੈ। ਮੋਹਨ ਭਾਗਵਤ ਦਾ ਦਾਅਵਾ ਹੈ ਕਿ ਆਰਐੱਸਐੱਸ ਦੇ ਪ੍ਰਚਾਰਕ ਵਲੋਂ ਚਲਾਈ ਜਾ ਰਹੀ ਸਰਕਾਰ ਮਜ਼ਬੂਤ ਹੈ; ਹਾਲਾਂਕਿ ਜੇ ਸਹੀ ਢੰਗ ਨਾਲ ਆਖਣਾ ਹੋਵੇ ਤਾਂ ਇਹ ਨਾ-ਅਹਿਲ ਅਤੇ ਦੁਸ਼ਟ ਸਰਕਾਰ ਜਾਪਦੀ ਹੈ। ਸਰਕਾਰ ਦੀ ਨਾ-ਅਹਿਲੀਅਤ ਉਦੋਂ ਜ਼ਾਹਿਰ ਹੋਈ ਜਦੋਂ ਇਸ ਨੇ ਅਮਨ ਕਾਨੂੰਨ ਦਾ ਆਪਣਾ ਜਿ਼ੰਮਾ ਪ੍ਰਾਈਵੇਟ ਅਦਾਕਾਰਾਂ ਦੇ ਸਪੁਰਦ ਕਰ ਦਿੱਤਾ; ਇਸ ਦੀ ਦੁਸ਼ਟਤਾ ਉਦੋਂ ਉਜਾਗਰ ਹੋਈ ਜਦੋਂ ਇਸ ਨੇ ਅਗਲੀਆਂ ਆਮ ਚੋਣਾਂ ਵਿਚ ਆਪਣੇ ਜਿੱਤ ਦੇ ਆਸਾਰ ਵਧਾਉਣ ਲਈ ਸਰਹੱਦੀ ਸੂਬੇ ਅੰਦਰ ਆਪਣੇ ਬਹੁਗਿਣਤੀਵਾਦੀ ਏਜੰਡੇ ਨੂੰ ਹੱਲਾਸ਼ੇਰੀ ਦਿੱਤੀ।
ਸੰਪਰਕ: ramachandraguha@yahoo.in

Advertisement

Advertisement
Author Image

joginder kumar

View all posts

Advertisement
Advertisement
×