ਮਨੀਪੁਰ: ਸਟਾਰਲਿੰਕ ਵਰਗਾ ਉਪਕਰਨ ਅਤੇ ਹਥਿਆਰ ਬਰਾਮਦ
ਨਵੀਂ ਦਿੱਲੀ, 18 ਦਸੰਬਰ
ਮਨੀਪੁਰ ਵਿੱਚ ਸੁਰੱਖਿਆ ਬਲਾਂ ਨੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚੋਂ ‘ਸਟਾਰਲਿੰਕ’ ਵਰਗਾ ਉਪਕਰਨ, ਸਨਾਈਪਰ ਰਾਈਫਲਾਂ, ਪਿਸਤੌਲ, ਗਰਨੇਡ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਸਟਾਰਲਿੰਕ ਵਰਗੇ ਉਪਕਰਨ ਦੀ ਬਰਾਮਦਗੀ ਨੇ ਸਬੰਧਤ ਏਜੰਸੀਆਂ ਪਤਾ ਲਗਾ ਰਹੀਆਂ ਹਨ ਕਿ ਇਹ ਤਣਾਅ-ਗ੍ਰਸਤ ਸੂਬੇ ਵਿੱਚ ਕਿਵੇਂ ਪਹੁੰਚਿਆ।
ਅਧਿਕਾਰੀਆਂ ਨੇ ਆਖਿਆ ਕਿ ਇੰਟਰਨੈੱਟ ਸੇਵਾਵਾਂ ਦੇਣ ਵਾਲੀ ‘ਸਟਾਰਲਿੰਕ’ ਕੋਲ ਭਾਰਤ ਵਿੱਚ ਕੰਮ ਕਰਨ ਲਈ ਲਾਇਸੈਂਸ ਨਹੀਂ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਇਹ ਅਸਲੀ ਸਟਾਰਲਿੰਕ ਉਪਕਰਨ ਹੈ ਜਾਂ ਨਹੀਂ। ਇਹ ਬਰਾਮਦਗੀ 13 ਦਸੰਬਰ ਨੂੰ ਇੰਫਾਲੀ ਪੂਰਬੀ ’ਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਗਈ। ਦੀਮਾਪੁਰ ’ਚ ਹੈੱਡਕੁਆਟਰ ਵਾਲੀ ਸਪੀਅਰ ਕੋਰ ਨੇ ਜ਼ਬਤ ਕੀਤੀਆਂ ਵਸਤਾਂ ਦੀਆਂ ਤਸਵੀਰਾਂ ‘ਐਕਸ’ ਉੱਤੇ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਸ਼ਾਮਲ ਇੱਕ ਇੰਟਰਨੈੱਟ ਉਪਕਰਨ ’ਤੇ ਸਟਾਰਲਿੰਕ ਦਾ ਲੋਗੋ ਸੀ। ਇਸ ਉੱਤੇ ਆਰਪੀਐੱਫ/ਪੀਐੱਲਏ ਵੀ ਲਿਖਿਆ ਹੋਇਆ ਸੀ। ਪੋਸਟ ’ਚ ਕਿਹਾ ਗਿਆ ਕਿ ਭਾਰਤੀ ਫੌਜ ਤੇ ਅਸਾਮ ਰਾਈਫਲਜ਼ ਨੇ ਮਨੀਪੁਰ ਪੁਲੀਸ ਨਾਲ ਚੂਰਾਚਾਂਦਪੁਰ, ਚੰਡੇਲ, ਇੰਫਾਲ ਪੂਰਬੀ ਅਤੇ ਕਾਂਗਪੋਕਪੀ ’ਚ ਤਲਾਸ਼ੀ ਮੁਹਿੰਮ ਚਲਾਈ ਸੀ। ਸਪੀਅਰ ਕੋਰ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ 29 ਹਥਿਆਰ ਜ਼ਬਤ ਕੀਤੇ ਗਏ ਸਨ, ਜਿਨ੍ਹਾਂ ਆਟੋਮੈਟਿਕ ਹਥਿਆਰ, ਰਾਈਫਲਾਂ, ਪਿਸਤੌਲਾਂ, ਸਵਦੇਸ਼ੀ ਮੋਰਟਾਰ, ਸਿੰਗਲ ਬੈਰਲ ਰਾਈਫਲਾਂ, ਗਰਨੇਡ, ਗੋਲੀਸਿੱਕਾ ਸ਼ਾਮਲ ਸੀ। -ਪੀਟੀਆਈ
ਭਾਰਤ ’ਤੇ ਸਟਾਰਲਿੰਕ ਦੇ ਸੈਟੇਲਾਈਟ ਬੀਮ ਬੰਦ: ਮਸਕ
ਇੰਫਾਲ:
ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਨੇ ਮਨੀਪੁਰ ’ਚ ਸਟਾਰਲਿੰਕ ਦੀ ਵਰਤੋਂ ਦੀ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਭਾਰਤ ’ਤੇ ‘ਸਟਾਰਲਿੰਕ’ ਦੇ ਸੈਟੇਲਾਈਟ ਬੀਮ’ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਇਹ ਗੱਲ ਉਸ ਦਾਅਵੇ ਦੇ ਜਵਾਬ ’ਚ ਆਖੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਕੰਪਨੀ ਦੇ ਉਪਕਰਨ ਦਾ ਵਰਤੋਂ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਕੀਤੀ ਜਾ ਰਹੀ ਹੈ। -ਪੀਟੀਆਈ
ਇੰਫਾਲ ਪੂਰਬੀ ਜ਼ਿਲ੍ਹੇ ’ਚੋਂ ਪੰਜ ਬਾਰੂਦੀ ਸੁਰੰਗਾਂ ਮਿਲੀਆਂ
ਇੰਫਾਲ:
ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ’ਚੋਂ 21.5 ਕਿਲੋ ਵਜ਼ਨ ਦੀਆਂ ਪੰਜ ਬਾਰੂਦੀ ਸੁਰੰਗਾਂ ਮਿਲੀਆਂ ਹਨ। ਪੁਲੀਸ ਨੇ ਅੱਜ ਦੱਸਿਆ ਕਿ ਮੰਗਲਵਾਰ ਨੂੰ ਮੋਂਗਲਹਾਮ ਦੇ ਨੇੜੇ ਮਫ਼ੀਟੇਲ ਰਿੱਜ ਵਿੱਚ ਸਪੀਅਰ ਕੋਰ ਅਤੇ ਸੂਬਾ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਪੰਜ ਬਾਰੂਦੀ ਸੁਰੰਗਾਂ ਤੇ 25 ਮੀਟਰ ਕੌਰਡਟੈਕਸ ਤਾਰ ਬਰਾਮਦ ਕੀਤੀ। -ਪੀਟੀਆਈ