ਮਨੀਪੁਰ: ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੱਤ ਕਾਬੂ
ਇੰਫਾਲ, 22 ਨਵੰਬਰ
ਮਨੀਪੁਰ ਪੁਲੀਸ ਨੇ ਚੁਣੇ ਲੋਕ ਨੁਮਾਇੰਦਿਆਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਮਨੀਪੁਰ ਦੇ ਇੱਕ ਮੰਤਰੀ ਨੇ ਭੀੜ ਦੇ ਹਮਲੇ ਤੋਂ ਬਚਣ ਲਈ ਇੰਫਾਲ ਪੂਰਬੀ ਜ਼ਿਲ੍ਹੇ ’ਚ ਸਥਿਤ ਆਪਣੇ ਜੱਦੀ ਘਰ ਦੇ ਚਾਰੇ ਪਾਸੇ ਕੰਡੇਦਾਰ ਤਾਰ ਤੇ ਲੋਹੇ ਦਾ ਜੰਗਲਾ ਲਗਵਾ ਲਿਆ ਹੈ।
ਅਧਿਕਾਰੀਆਂ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸੱਤੇ ਮੁਲਜ਼ਮਾਂ ਨੂੰ ਪਿਛਲੇ ਦੋ ਦਿਨਾਂ ਅੰਦਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਰਿਹਾਇਸ਼ਾਂ ’ਤੇ ਅਗਜ਼ਨੀ ਕਰਨ ਦੇ ਦੋਸ਼ ਹੇਠ 25 ਜਣੇ ਗ੍ਰਿਫ਼ਤਾਰ ਕੀਤੇ ਗਏ ਸਨ। ਇਸੇ ਦੌਰਾਨ ਮਨੀਪੁਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਐੱਲ ਸੁਸਿੰਦਰੋ ਮੇਇਤੀ ਨੇ ਆਪਣੇ ਜੱਦੀ ਘਰ ਦੇ ਚਾਰੇ ਪਾਸੇ ਕੰਡੇਦਾਰ ਤਿਆਰ ਤੇ ਲੋਹੇ ਦਾ ਜੰਗਲਾ ਲਗਵਾ ਲਿਆ ਹੈ। ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਤਿੰਨ ਮਈ ਨੂੰ ਹੋਏ ਹਮਲੇ ਤੋਂ ਬਾਅਦ ਤੀਜੀ ਵਾਰ 16 ਨਵੰਬਰ ਨੂੰ ਉਸ ਦੀਆਂ ਜਾਇਦਾਦਾਂ ’ਤੇ ਹਮਲਾ ਕੀਤਾ ਗਿਆ ਹੈ। ਇਸੇ ਦੌਰਾਨ ਨੈਸ਼ਨਲ ਪੀਪਲਜ਼ ਪਾਰਟੀ ਦੀ ਮਨੀਪੁਰ ਇਕਾਈ ਨੇ ਆਪਣੇ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੀਰੇਨ ਸਿੰਘ ਸਰਕਾਰ ਵੱਲੋਂ ਸੱਦੀ ਗਈ ਕਿਸੇ ਵੀ ਮੀਟਿੰਗ ’ਚ ਸ਼ਾਮਲ ਨਾ ਹੋਣ। -ਪੀਟੀਆਈ
ਕੇਂਦਰੀ ਬਲਾਂ ਦੀਆਂ 90 ਹੋਰ ਕੰਪਨੀਆਂ ਮਨੀਪੁਰ ਪੁੱਜੀਆਂ
ਇੰਫਾਲ: ਮਨੀਪੁਰ ’ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦਰਮਿਆਨ ਕੇਂਦਰੀ ਬਲਾਂ ਦੀਆਂ 90 ਹੋਰ ਕੰਪਨੀਆਂ ਸੂਬੇ ’ਚ ਪਹੁੰਚ ਗਈਆਂ ਹਨ, ਜੋ ਸੰਵੇਦਨਸ਼ੀਲ ਅਤੇ ਗੜਬੜ ਵਾਲੇ ਇਲਾਕਿਆਂ ’ਚ ਤਾਇਨਾਤ ਕੀਤੀਆਂ ਜਾਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਹੁਣ ਤੱਕ 3000 ਤੋਂ ਵੱਧ ਹਥਿਆਰ ਬਰਾਮਦ ਕਰ ਲਏ ਹਨ, ਜਿਹੜੇ ਹਿੰਸਕ ਘਟਨਾਵਾਂ ਦੌਰਾਨ ਭੀੜ ਵੱਲੋਂ ਲੁੱਟੇ ਗਏ ਸਨ। ਮਨੀਪੁਰ ਸਰਕਾਰ ਦੇ ਮੁੱਖ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਮਈ ਤੋਂ ਸ਼ੁਰੂ ਹੋਈ ਜਾਤੀਗਤ ਹਿੰਸਾ ’ਚ ਹੁਣ ਤੱਕ 258 ਮੌਤਾਂ ਹੋ ਚੁੱਕੀਆਂ ਹਨ। -ਏਜੰਸੀਆਂ