ਮਨੀਪੁਰ: ਸੁਰੱਖਿਆ ਬਲਾਂ ਨੇ 12 ਦਹਿਸ਼ਤਗਰਦ ਰਿਹਾਅ ਕੀਤੇ
ਇੰਫਾਲ, 25 ਜੂਨ
ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਕਾਂਗਲੀ ਯਾਵੋਲ ਕਾਨਾ ਲੁਪ (ਕੇਵਾਈਕੇਐੱਲ) ਜਥੇਬੰਦੀ ਦੇ 12 ਦਹਿਸ਼ਤਗਰਦਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਇਨ੍ਹਾਂ ਸਾਰਿਆਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸੁਰੱਖਿਆ ਬਲਾਂ ਨੇ ਇਨ੍ਹਾਂ ਦਹਿਸ਼ਤਗਰਦਾਂ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾਵਾਂ ਦੀ ਅਗਵਾਈ ਵਾਲੇ 1500 ਦੇ ਕਰੀਬ ਲੋਕਾਂ ਤੇ ਸਥਾਨਕ ਆਗੂਆਂ ਦੇ ਹਜੂਮ ਨੇ ਜਦੋਂ ਸੁਰੱਖਿਆ ਬਲਾਂ ਨੂੰ ਘੇਰਾ ਪਾ ਕੇ ਅੱਗੇ ਵਧਣ ਤੋਂ ਰੋਕਿਆ ਤਾਂ ਸਲਾਮਤੀ ਦਸਤਿਆਂ ਨੇ ਦਹਿਸ਼ਤਗਰਦਾਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰ ਦਿੱਤਾ। ਰੱਖਿਆ ਤਰਜਮਾਨ ਮੁਤਾਬਕ ਫੌਜ ਤੇ ਅਸਾਮ ਰਾਈਫਲਜ਼ ਨੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸ਼ਨਿੱਚਰਵਾਰ ਰਾਤ ਨੂੰ ਪੂਰਬੀ ਇੰਫਾਲ ਜ਼ਿਲ੍ਹੇ ਦੇ ਇਥਾਮ ਪਿੰਡ ਦੀ ਘੇਰਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਕੇਵਾਈਕੇਐੱਲ ਕੇਡਰ ਦੇ 12 ਕਾਰਕੁਨਾਂ ਨੂੰ ਹਥਿਆਰਾਂ ਤੇ ਹੋਰ ਗੋਲੀ-ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਅਖੌਤੀ ਲੈਫਟੀਨੈਂਟ ਕਰਨਲ ਮੋਈਰਾਂਗਥਮ ਤਾਂਬਾ ਉਰਫ਼ ਉੱਤਮ ਵੀ ਸ਼ਾਮਲ ਹੈ। ਤਰਜਮਾਨ ਨੇ ਕਿਹਾ ਕਿ ਉੱਤਮ ਸਾਲ 2015 ਵਿੱਚ 6ਵੀਂ ਡੋਗਰਾ ਬਟਾਲੀਅਨ ਨੂੰ ਘੇਰਾ ਪਾ ਕੇ ਕੀਤੇ ਮੁਕਾਬਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ। ਦਹਿਸ਼ਤਗਰਦਾਂ ਨੂੰ ਸਥਾਨਕ ਆਗੂਆਂ ਦੇ ਹਵਾਲੇ ਕਰਨ ਮਗਰੋਂ ਸੁਰੱਖਿਆ ਬਲ ਮੌਕੇ ਤੋਂ ਬਰਾਮਦ ਹਥਿਆਰਾਂ ਤੇ ਗੋਲੀਸਿੱਕਾ ਲੈ ਕੇ ਉਥੋਂ ਚਲੇ ਗਏ। -ਆਈਏਐੱਨਐੱਸ