ਮਨੀਪੁਰ: ਪੇਂਡੂ ਰੱਖਿਆ ਫੋਰਸ ਦਾ ਜਵਾਨ ਹਲਾਕ
ਇੰਫਾਲ: ਮਨੀਪੁਰ ਵਿੱਚ ਕਾਂਗਪੋਕਪੀ ਜ਼ਿਲ੍ਹੇ ਦੇ ਲੈਮਤਨ ਥੰਗਬੂਹ ਪਿੰਡ ਵਿੱਚ ਹਥਿਆਰਬੰਦ ਹਮਲਾਵਰਾਂ ਵੱਲੋਂ ਪੇਂਡੂ ਰੱਖਿਆ ਫੋਰਸ ’ਤੇ ਕੀਤੇ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ ਵਾਪਰੀ। ਬੀਤੀ 3 ਮਈ ਨੂੰ ਜਾਤੀਗਤ ਹਿੰਸਾ ਸ਼ੁਰੂ ਹੋਣ ਮਗਰੋਂ ਪਿੰਡ ਦੀਆਂ ਔਰਤਾਂ ਤੇ ਬੱਚਿਆਂ ਨੂੰ ਚੂਰਾਚਾਂਦਪੁਰ ਪਿੰਡ ਲਿਜਾਇਆ ਗਿਆ ਸੀ। ਸਿਰਫ਼ ਪਿੰਡ ਦੇ ਰੱਖਿਆ ਬਲ ਹੀ ਇਲਾਕੇ ਦੀ ਸੁਰੱਖਿਆ ਵਿੱਚ ਤਾਇਨਾਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸਵੇਰੇ ਲਗਪਗ 30 ਵਿਅਕਤੀ ਇੱਕ ਪਹਾੜੀ ’ਤੇ ਚੜ੍ਹੇ ਤੇ ਪਿੰਡ ਦੇ ਰੱਖਿਆ ਫੋਰਸ ਦੇ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਅਸਾਮ ਰਾਈਫਲਜ਼ ਦੇ ਜਵਾਨਾਂ ਵੱਲੋਂ ਘਟਨਾ ਸਥਾਨ ’ਤੇ ਪਹੁੰਚਣ ਮਗਰੋਂ ਹਮਲਾਵਰ ਭੱਜ ਗਏ। ਮਨੀਪੁਰ ਵਿੱਚ 3 ਮਈ ਤੋਂ ਬਾਅਦ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ ਤੇ ਹੁਣ ਤੱਕ 160 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਇਸ ਦੌਰਾਨ ਉੱਤਰ-ਪੂਰਬੀ ਫਰੰਟੀਅਰ ਰੇਲਵੇ ਨੇ ਕਿਹਾ ਕਿ ਇਸ ਵੱਲੋਂ ਮਨੀਪੁਰ ਵਿੱਚ ਪੈਂਦੇ ਖੌਂਗਸਾਂਗ ਸਟੇਸ਼ਨ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਵਾਸਤੇ ਢੋਆ-ਢੁਆਈ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਅੱਜ ਮਨੀਪੁਰ ਸਰਕਾਰ ਨੂੰ ਹਾਈ ਕੋਰਟ ਵੱਲੋਂ ਸੂਬੇ ਵਿੱਚ ਇੰਟਰਨੈੱਟ ਨੂੰ ਸੀਮਤ ਪੱਧਰ ’ਤੇ ਮੁੜ ਚਾਲੂ ਕਰਨ ਸਬੰਧੀ ਪਾਸ ਕੀਤੇ ਗਏ ਹੁਕਮ ਬਾਰੇ ਆਪਣੇ ਇਤਰਾਜ਼ ਹਾਈ ਕੋਰਟ ਅੱਗੇ ਰੱਖਣ ਲਈ ਕਿਹਾ ਹੈ।
ਮਹਿਲਾ ਵਕੀਲ ਨੂੰ ਗ੍ਰਿਫ਼ਤਾਰੀ ਤੋਂ ਰਾਹਤ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਨੀਪੁਰ ਪੁਲੀਸ ਵੱਲੋਂ ਤੱਥ ਖੋਜ ਮਿਸ਼ਨ ਦੇ ਮੈਂਬਰਾਂ ’ਤੇ ਲੱਗੇ ਕਥਿਤ ਦੋਸ਼ਾਂ ਸਬੰਧੀ ਮਨੀਪੁਰ ਪੁਲੀਸ ਵੱਲੋਂ ਦਾਇਰ ਐੱਫਆਈਆਰ ਦੇ ਸਬੰਧ ’ਚ ਇਸ ਵੱਲੋਂ ਇੱਕ ਮਹਿਲਾ ਵਕੀਲ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਰਾਹਤ ਅੱਜ ਚਾਰ ਹੋਰ ਹਫ਼ਤਿਆਂ ਲਈ ਵਧਾ ਦਿੱਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਤੇ ਜਸਟਿਸ ਪੀ ਐੱਸ ਨਰਸਿਮਹਾ ਤੇ ਮਨੋਜ ਮਿਸ਼ਰਾ ਨੇ ਮਹਿਲਾ ਵਕੀਲ ਦੀਕਸ਼ਾ ਦਿਵੇਦੀ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਸਿਧਾਰਥ ਦਵੇ ਨੂੰ ਹੋਰ ਰਾਹਤ ਲਈ ਸਬੰਧਤ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਹੈ। ਕੇਸ ਦਾ ਨਿਪਟਾਰਾ ਕਰਦਿਆਂ ਬੈਂਚ ਨੇ ਕਿਹਾ ਕਿ ਦੀਕਸ਼ਾ ਦਿਵੇਦੀ ਮਨੀਪੁਰ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤ ਸਕਦੀ ਹੈ ਤੇ ਕਿਸੇ ਕਿਸਮ ਦੀ ਸ਼ਿਕਾਇਤ ’ਤੇ ਉਹ ਮੁੜ ਸੁਪਰੀਮ ਕੋਰਟ ਵੱਲ ਰੁਖ਼ ਕਰ ਸਕਦੀ ਹੈ। -ਪੀਟੀਆਈ
ਮਨੀਪੁਰ: ‘ਬੰਦ’ ਕਾਰਨ ਨਾਗਾ ਵਸੋਂ ਵਾਲੇ ਇਲਾਕੇ ’ਚ ਜਨ-ਜੀਵਨ ਪ੍ਰਭਾਵਿਤ
ਇੰਫਾਲ: ਮਨੀਪੁਰ ਵਿੱਚ ਇੱਕ ਮਹਿਲਾ ਦੀ ਹੱਤਿਆ ਖ਼ਿਲਾਫ਼ ਯੂਨਾਈਟਿਡ ਨਾਗਾ ਕੌਂਸਿਲ ਵੱਲੋਂ 12 ਘੰਟਿਆਂ ਦੇ ਬੰਦ ਦੌਰਾਨ ਅੱਜ ਨਾਗਾ ਵਸੋਂ ਵਾਲੇ ਇਲਾਕਿਆਂ ਵਿੱਚ ਆਮ ਜਨ-ਜੀਵਨ ਪ੍ਰਭਾਵਿਤ ਰਿਹਾ। ਬਾਜ਼ਾਰ ਤੇ ਸਥਾਨਕ ਦੁਕਾਨਾਂ ਬੰਦ ਰਹੀਆਂ, ਸੜਕਾਂ ’ਤੇ ਵਾਹਨ ਨਹੀਂ ਚੱਲੇ ਤੇ ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ ਥੋੜ੍ਹੀ ਰਹੀ। ਇੰਫਾਲ ਪੂਰਬੀ ਜ਼ਿਲ੍ਹੇ ਦੇ ਕੇਇਬੀ ਵਿੱਚ ਸ਼ਨਿਚਰਵਾਰ ਨੂੰ ਲਗਪਗ 55 ਸਾਲਾਂ ਮਹਿਲਾ ਦੇ ਚਿਹਰੇ ’ਤੇ ਗੋਲੀ ਮਾਰ ਦਿੱਤੀ ਗਈ ਸੀ। ਹਮਲਾਵਰਾਂ ਨੇ ਘਟਨਾ ਸਥਾਨ ਤੋਂ ਜਾਣ ਤੋਂ ਪਹਿਲਾਂ ਮਹਿਲਾ ਦਾ ਚਿਹਰਾ ਵੀ ਵਿਗਾੜ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਮਹਿਲਾਵਾਂ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਭੀੜ ਨੇ ਇੱਕ ਮੁਲਜ਼ਮ ਦੇ ਘਰ ਨੂੰ ਅੱਗ ਵੀ ਲਾ ਦਿੱਤੀ ਸੀ। -ਪੀਟੀਆਈ