ਮਨੀਪੁਰ: ਇਕ ਦੂਜੇ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ ਕੁਆਡਕਾਪਟਰਾਂ ਦੀ ਵਰਤੋਂ
ਬਿਸ਼ਨੂਪੁਰ, 9 ਜੁਲਾਈ
ਹਿੰਸਾ ਪ੍ਰਭਾਵਿਤ ਮਨੀਪੁਰ ਸੂਬੇ ਵਿੱਚ ਤਕਨਾਲੋਜੀ ਵਰਦਾਨ ਤੇ ਸਰਾਪ ਦੋਵੇਂ ਸਾਬਿਤ ਹੋ ਰਹੀ ਹੈ। ਇਕ ਪਾਸੇ ਸੈਨਾ ਤੇ ਅਸਮ ਰਾਈਫਲਜ਼ ਰਾਹਤ ਤੇ ਬਚਾਅ ਕਾਰਜਾਂ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ, ਦੂਜੇ ਪਾਸੇ ਜਾਤੀ ਸਮੂਹ ਇਕ-ਦੂਜੇ ਨੂੰ ਨਿਸ਼ਾਨਾ ਬਣਾਉਣ ਲਈ ਕੁਆਡਕਾਪਟਰਾਂ ਦੀ ਵਰਤੋਂ ਕਰ ਰਹੇ ਹਨ। ਇਸੇ ਦੌਰਾਨ ਮਿਜ਼ੋਰਮ ਦੇ ਗਿਰਜਾ ਘਰਾਂ ਵਿੱਚ ਮਨੀਪੁਰ ਦੀ ਸ਼ਾਂਤੀ ਬਹਾਲੀ ਲਈ ਪ੍ਰਾਰਥਨਾ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਦੇ ਧਿਆਨ ਵਿੱਚ ਆਇਆ ਹੈ ਕਿ ਵਿਰੋਧੀ ਗੁੱਟ ਕੁਆਡਕਾਪਟਰ ਦੀ ਵਰਤੋਂ ਇਕ-ਦੂਜੇ ਦੀ ਸਥਿਤੀ ਦਾ ਪਤਾ ਲਗਾਉਣ ਲਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਤੇਈ ਭਾਈਚਾਰੇ ਦੇ ਲੋਕ ਜ਼ਿਆਦਾਤਰ ਇਸ ਕੁਆਡਕਾਪਟਰ ਦੀ ਵਰਤੋਂ ਇੰਫਾਲ ਵਾਦੀ ਵਿੱਚ ਕਰ ਰਹੇ ਹਨ ਜਦੋਂ ਕਿ ਕੁੱਕੀ ਭਾਈਚਾਰੇ ਦੇ ਲੋਕ ਇਸ ਦਾ ਇਸਤੇਮਾਲ ਪਹਾੜੀ ਇਲਾਕਿਆਂ ਵਿੱਚ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਪੱਛਮੀ ਮਨੀਪੁਰ ਦੇ ਫੌਗਾਕਚਾਓ, ਕਾਂਗਵੀ ਬਾਜ਼ਾਰ ਅਤੇ ਤੋਰਬੰਗ ਬਾਜ਼ਾਰ ਵਿੱਚ ਕੁਆਡਕਾਪਟਰ ਦਾ ਵੱਡੇ ਪੈਮਾਨੇ ’ਤੇ ਇਸਤੇਮਾਲ ਹੋ ਰਿਹਾ ਹੈ ਜਿੱਥੇ ਦੋਵਾਂ ਭਾਈਚਾਰਿਆਂ ਦੇ ਪਿੰਡ ਆਸ-ਪਾਸ ਵਸੇ ਹੋਏ ਹਨ। ਸੁਰੱਖਿਆ ਬਲਾਂ ਨੇ ਦੋਵਾਂ ਭਾਈਚਾਰਿਆਂ ਨੂੰ ਇਕ ਦੂਜੇ ਨਾਲ ਲੜਨ ਤੋਂ ਰੋਕਣ ਲਈ ‘ਬਫਰ ਜ਼ੋਨ’ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਸੈਨਾਪਤੀ ਜ਼ਿਲ੍ਹੇ ਦਾ ਲੋਈਬੋਲ ਤੇ ਬਿਸ਼ਨੂਪੁਰ ਜ਼ਿਲ੍ਹੇ ਦਾ ਲਿਏਮਾਰਮ ਹਿੰਸਾ ਦਾ ਕੇਂਦਰ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਭਾਈਚਾਰਿਆਂ ਵਿਚਾਲੇ ਅਵਿਸ਼ਵਾਸ ਇੰਨਾ ਡੂੰਘਾ ਹੋ ਗਿਆ ਹੈ ਕਿ ਉਹ ਇਕ ਦੂਜੇ ’ਤੇ ਨਜ਼ਰ ਰੱਖਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। -ਪੀਟੀਆਈ
ਪ੍ਰਧਾਨ ਮੰਤਰੀ ਦੀ ਚੁੱਪੀ ਖ਼ਿਲਾਫ਼ ‘ਮੌਨ ਵਰਤ’ ਰੱਖਿਆ
ਕੋਚੀ/ਚੇਨੱਈ: ਮਨੀਪੁਰ ਵਿੱਚ ਚੱਲ ਰਹੀ ਜਾਤੀ ਹਿੰਸਾ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਬਿਆਨ ਨਾ ਦਿੱਤੇ ਜਾਣ ਤੋਂ ਖ਼ਫ਼ਾ ਹੋਏ ਕੇਰਲਾ ਵਿਚਲੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਨੇ ਮੌਨ ਵਰਤ ਰੱਖ ਲਿਆ ਹੈ। ਵਿਧਾਇਕ ਮੈਥਿਊ ਕੁਜ਼ਹਲਨੰਦਨ ਵੱਲੋਂ ਸ਼ਨਿਚਰਵਾਰ ਸਵੇਰ ਤੋਂ ਅਗਲੇ 24 ਘੰਟਿਆਂ ਲਈ ਮੌਨ ਵਰਤ ਸ਼ੁਰੂ ਕੀਤਾ ਗਿਆ। ਇਸੇ ਦੌਰਾਨ ਚੇਨੱਈ ਰਹਿੰਦੇ ਮਨੀਪੁਰ ਦੇ ਲੋਕਾਂ ਨੇ ਸੂਬੇ ਵਿੱਚ ਵਿਗੜੇ ਹਾਲਾਤ ਖ਼ਿਲਾਫ਼ ਰੋਸ ਜਤਾਉਂਦਿਆਂ ਮੌਨ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ। -ਪੀਟੀਆਈ