ਮਨੀਪੁਰ ਜਨਿਸੀ ਸ਼ੋਸ਼ਣ ਵਿਰੁੱਧ ਸੜਕਾਂ ’ਤੇ ਉਤਰੇ ਲੋਕ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਜੁਲਾਈ
ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀ ਸ਼ਰਮਨਾਕ ਘਟਨਾ ਦੇ ਵਿਰੋਧ ਵਿੱਚ ਲੋਕ ਰੋਹ ਸੜਕਾਂ ’ਤੇ ਉਤਰ ਰਿਹਾ ਹੈ। ਅੱਜ ਰੀਵਰ ਆਫ਼ ਫੇਥ ਮਨਿਸਟੀਰੀਅਜ਼ ਚਰਚ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਔਰਤਾਂ ਸਮੇਤ ਲੋਕਾਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਮਨੀਪੁਰ ’ਚ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਹਿੰਸਾ ਉਪਰ ਜਲਦ ਕਾਬੂ ਪਾਉਣ ਦੀ ਮੰਗ ਕੀਤੀ ਗਈ।
ਰੋਸ ਮਾਰਚ ਸ਼ਹਿਰ ਦੇ ਬਜ਼ਾਰਾਂ ’ਚੋਂ ਗੁਜ਼ਰਿਆ ਅਤੇ ਮਾਰਚ ਦੌਰਾਨ ਪ੍ਰਦਰਸ਼ਨਾਰੀਆਂ ਵਲੋਂ ਹੱਥਾਂ ਵਿੱਚ ਵੱਖ-ਵੱਖ ਨਾਅਰਿਆਂ ਵਾਲੇ ਮਾਟੋ ਚੁੱਕੇ ਹੋਏ ਸਨ। ਮਾਰਚ ’ਚ ਰੀਵਰ ਆਫ ਫੇਥ ਮਨਿਸਟੀਰੀਅਜ਼ ਚਰਚ ਅਤੇ ਦਯਾ ਸਾਗਰ ਵੈਲਫੇਅਰ ਸੁਸਾਇਟੀ ਦੇ ਕਾਰਕੁਨ ਸ਼ਾਮਲ ਸਨ। ਇਸ ਮੌਕੇ ਪਾਸਟਰ ਰਾਜੇਸ਼ ਪੌਲ, ਪਾਸਟਰ ਯੋਗੇਸ਼ ਅਤੇ ਪਾਸਟਰ ਅਜੇ ਨੇ ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀ ਸ਼ਰਮਨਾਕ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਸਮੁੱਚਾ ਦੇਸ਼ ਸ਼ਰਮਸ਼ਾਰ ਹੋਇਆ ਹੈ ਅਤੇ ਹਰ ਇਨਸਾਨ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਔਰਤਾਂ ਉੱਪਰ ਹੋ ਰਹੇ ਜਬਰ ਜ਼ੁਲਮ ਬਰਦਾਸ਼ਤਯੋਗ ਨਹੀਂ ਹਨ ਅਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਮਨੀਪੁਰ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਨੀਪੁਰ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਉੱਪਰ ਕਾਬੂ ਪਾਇਆ ਜਾਵੇ, ਔਰਤਾਂ ਨਾਲ ਵਾਪਰੀ ਸ਼ਰਮਨਾਕ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਲੋਕ ਚੇਤਨਾ ਮੰਚ ਸਮੇਤ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਮਨੀਪੁਰ ਵਿੱਚ ਸੈਂਕੜੇ ਲੋਕਾਂ ਦੇ ਕਤਲਾਂ, ਹਜ਼ਾਰਾਂ ਲੋਕਾਂ ਦੇ ਉਜਾੜੇ ਤੇ ਹਿੰਸਾ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਚੁੱਪ ਧਾਰ ਰੱਖੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਤੇ ਮਨੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਦੀ ਅਰਥੀ ਫੂਕ ਕੇ ਪ੍ਰਦਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
ਬੁਲਾਰਿਆਂ ਕਿਹਾ ਕਿ ਹਮੇਸ਼ਾ ਤੋਂ ਹੀ ਦੰਗਿਆਂ, ਯੁੱਧਾਂ ਅਤੇ ਖੂਨ ਖ਼ਰਾਬੇ ਵਿੱਚ ਔਰਤਾਂ ਨੂੰ ਸ਼ਿਕਾਰ ਬਣਾਉਣਾ, ਸਮਾਜ ਵਿਚਲੀ ਹਿੰਸਕ ਪੁਰਸ਼ ਪ੍ਰਧਾਨ ਸੋਚ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਔਰਤਾਂ, ਖਾਸ ਤੌਰ ’ਤੇ ਆਦਿਵਾਸੀ ਤੇ ਦਲਿਤ ਵਰਗ ਦੀਆਂ ਔਰਤਾਂ ਦੀ ਹਾਲਤ ਨਾਜ਼ੁਕ ਤੇ ਤਰਸਯੋਗ ਬਣੀ ਹੋਈ ਹੈ। ਮਨੀਪੁਰ ਦੀ ਭਾਜਪਾ ਸਰਕਾਰ ਅਤੇ ਉਸ ਦਾ ਮੁੱਖ ਮੰਤਰੀ ਬਿਰੇਨ ਸਿੰਘ ਘਨਿੌਣੇ ਅਪਰਾਧਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਜਨਿ੍ਹਾਂ ਨੇ ਆਪਣੇ ਸੌੜੇ ਸਿਆਸੀ ਮਨੋਰਥਾਂ ਲਈ ਮਨੀਪੁਰ ਨੂੂੰ ਨਸਲੀ-ਫਿਰਕੂ ਹਿੰਸਾ ਵਿੱਚ ਝੋਕਿਆ। ਇਸ ਲਈ ਮੋਦੀ ਸਰਕਾਰ ਨੂੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮਨੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਅਤੇ ਸੂਬੇ ਵਿੱਚ ਸ਼ਾਂਤੀ ਬਹਾਲ ਕੀਤੇ ਜਾਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
ਪ੍ਰਦਰਸ਼ਨਕਾਰੀਆਂ ਨੂੂੰ ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਭੁਟਾਲ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਲੋਕ ਚੇਤਨਾ ਮੰਚ ਦੇ ਜਗਜੀਤ ਭੁਟਾਲ, ਰਣਜੀਤ ਲਹਿਰਾ, ਪੂਰਨ ਸਿੰਘ ਖਾਈ, ਡੀਟੀਐੱਫ ਦੇ ਮਾਸਟਰ ਮਨੋਜ ਕੁਮਾਰ, ਡੀਟੀਐੱਫ ਦੇ ਮਾਸਟਰ ਹਰਭਗਵਾਨ ਗੁਰਨੇ, ਫੀਲਡ ਵਰਕਰਜ਼ ਯੂਨੀਅਨ ਦੇ ਸੁਖਦੇਵ ਚੰਗਾਲੀਵਾਲਾ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਚਰਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਸਮਾਣਾ (ਅਸ਼ਵਨੀ ਗਰਗ): ਮਨੀਪੁਰ ਕਾਂਡ ਦੇ ਵਿਰੋਧ ਵਿੱਚ ਪਾਸਟਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਪਾਸਟਰ ਜੋਹਨ ਮਸੀਹ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਮਾਣਾ ਤੇ ਪਾਤੜਾਂ ਦੇ ਸਾਰੇ ਪਾਸਟਰਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਮਿਲ ਕੇ ਮਨੀਪੁਰ ਅਤੇ ਹੋਰ ਸੂਬਿਆਂ ਵਿੱਚ ਮਸੀਹਾਂ ਉੱਤੇ ਹੋ ਰਹੇ ਅੱਤਿਆਚਾਰ ਵਿਰੁੱਧ ਦੁੱਖ ਪ੍ਰਗਟ ਕੀਤਾ। ਪ੍ਰਧਾਨ ਪਾਸਟਰ ਜੋਹਨ ਮਸੀਹ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਨੀਪੁਰ ਜਨਿਸੀ ਸ਼ੋਸ਼ਣ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਫਾਦਰ ਵਿਜੇ, ਪਾਦਰੀ ਹੈਪੀ ਜੋਹਨ, ਪਾਸਟਰ ਰਮੇਸ਼, ਪਾਸਟਰ ਜਸਵੀਰ, ਪਾਸਟਰ ਰਣਜੀਤ, ਪਾਸਟਰ ਮੰਗਤ ਮਸੀਹ, ਪਾਸਟਰ ਡੈਨੀਅਨ ਸ਼ੁਤਰਾਣਾ, ਪਾਸਟਰ ਰਾਜ ਪਾਤੜਾ, ਪਾਸਟਰ ਆਸ਼ੀਸ਼ ਬਾਦਸ਼ਾਹਪੁਰ, ਫਰੈਂਕ ਮਸੀਹ ਸਮਾਣਾ, ਪਾਸਟਰ ਮਾਹੀਪਾਲ ਅਤੇ ਪਾਸਟਰ ਪੱਪੂ ਚੀਕਾ ਆਦਿ ਹਾਜ਼ਰ ਸਨ।