ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਤੇ ਸੰਘ ਲਈ ਮਨੀਪੁਰ ਭਾਰਤ ਦਾ ਹਿੱਸਾ ਨਹੀਂ: ਰਾਹੁਲ

07:48 AM Jan 15, 2024 IST
ਥੌਬਲ ਜ਼ਿਲ੍ਹੇ ’ਚ ਭਾਰਤ ਜੋੜੋ ਿਨਆਏ ਯਾਤਰਾ ਦੇ ਆਗਾਜ਼ ਮੌਕੇ ਲੋਕਾਂ ਨਾਲ ਮਿਲਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਇੰਫਾਲ, 14 ਜਨਵਰੀ
ਨਸਲੀ ਹਿੰਸਾ ਦੇ ਝੰਬੇ ਮਨੀਪੁਰ ਤੋਂ ਅੱਜ ‘ਭਾਰਤ ਜੋੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਤੇ ਆਰਐੱਸਐੱਸ ਲਈ ਸ਼ਾਇਦ ਮਨੀਪੁਰ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਮਹਿਲਾਵਾਂ ਤੇ ਬੱਚਿਆਂ ਸਣੇ ਵੱਡੀ ਗਿਣਤੀ ਲੋਕ ਮਾਰੇ ਗਏ ਪਰ ਸ੍ਰੀ ਮੋਦੀ ਨੇ ਇਕ ਵਾਰ ਵੀ ਮਨੀਪੁਰ ਆ ਕੇ ਲੋਕਾਂ ਦੇ ਹੰਝੂ ਨਹੀਂ ਪੂੰਝੇ। ਰਾਹੁਲ ਨੇ ਕਿਹਾ ਕਿ ਉਹ ਮਨੀਪੁੁਰ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਹਨ ਤੇ ਸੂਬੇ ਵਿੱਚ ਸਦਭਾਵਨਾ, ਸ਼ਾਂਤੀ ਤੇ ਪ੍ਰੇਮ-ਪਿਆਰ ਵਾਪਸ ਲਿਆਉਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ਦੀ ਲੋੜ ਸੀ ਕਿਉਂਕਿ ਦੇਸ਼ ‘ਵੱਡੇ ਅਨਿਆਂ’ ਦੇ ਦੌਰ ’ਚੋਂ ਲੰਘ ਰਿਹਾ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਯਾਤਰਾ ਤੋਂ ਬਰਾਬਰੀ, ਭਾਈਚਾਰੇ ਤੇ ਸਦਭਾਵਨਾ ’ਤੇ ਆਧਾਰਿਤ ਭਾਰਤ ਦਾ ਦ੍ਰਿਸ਼ਟੀਕੋਣ ਸਾਹਮਣੇ ਆਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲਾਂ ਦੇ ਕਾਰਜਕਾਲ ਨੂੰ ‘ਅਨਿਆਏ ਕਾਲ’ ਕਰਾਰ ਦਿੰਦਿਆਂ ਕਾਂਗਰਸ ਨੇ ਅੱਜ ਮਨੀਪੁਰ ਦੇ ਥੌਬਲ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਦਾ ਆਗਾਜ਼ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਥੋਬਲ ਜ਼ਿਲ੍ਹੇ ਦੀ ਖੋਂਗਜੋਮ ਜੰਗੀ ਯਾਦਗਾਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਯਾਤਰਾ 15 ਰਾਜਾਂ ਵਿੱਚੋਂ ਲੰਘਦਿਆਂ 6713 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਯਾਤਰਾ ਦੌਰਾਨ ਮਨੀਪੁਰ ਤੇ ਚਾਰ ਹੋਰਨਾਂ ਉੱਤਰ-ਪੂਰਬੀ ਰਾਜਾਂ ਦਾ ਬਹੁਤਾ ਪੈਂਡਾ ਬੱਸ ਤੇ ਪਦਯਾਤਰਾ ਰਾਹੀਂ ਤੈਅ ਕੀਤਾ ਜਾਵੇਗਾ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੀਪੁਰ ਵਿੱਚ ਅੱਠ ਮਹੀਨਿਆਂ ਦੀ ਨਸਲੀ ਹਿੰਸਾ ਦੌਰਾਨ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਮਨੀਪੁਰ ਲਈ ਸਮਾਂ ਨਹੀਂ ਸੀ। ਉਨ੍ਹਾਂ ਕਿਹਾ, ‘‘ਲੱਖਾਂ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਹੋਇਆ, ਪਰ ਪ੍ਰਧਾਨ ਮੰਤਰੀ ਤੁਹਾਡੇ ਅੱਥਰੂ ਪੂੰਝਣ ਲਈ ਨਹੀਂ ਆਏ ਤੇ ਨਾ ਹੀ ਤੁਹਾਡਾ ਹੱਥ ਫੜਿਆ। ਸ਼ਾਇਦ ਨਰਿੰਦਰ ਮੋਦੀ, ਭਾਜਪਾ ਤੇ ਆਰਐੱਸਐੱਸ ਲਈ ਮਨੀਪੁਰ ਭਾਰਤ ਦਾ ਹਿੱਸਾ ਨਹੀਂ ਹੈ।’’ ਗਾਂਧੀ ਨੇ ਕਿਹਾ, ‘‘ਅਸੀਂ ਮਨੀਪੁਰ ਦੇ ਲੋਕਾਂ ਦੀ ਪੀੜ ਨੂੰ ਸਮਝਦੇ ਹਾਂ, ਜਿਸ ਵਿਚੋਂ ਉਹ ਲੰਘ ਰਹੇ ਹਨ। ਅਸੀਂ ਉਨ੍ਹਾਂ ਦੇ ਦਰਦ ਤੇ ਉਦਾਸੀ ਨੂੰ ਸਮਝਦੇ ਹਾਂ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਮਨੀਪੁਰ ਵਿੱਚ ਸਦਭਾਵਨਾ, ਸ਼ਾਂਤੀ ਤੇ ਪ੍ਰੇਮ ਪਿਆਰ ਵਾਪਸ ਲੈ ਕੇ ਆਵਾਂਗੇ।’’ ਗਾਂਧੀ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿੱਚ ਮਨੀਪੁਰ ਦੀ ਫੇਰੀ ਦੌਰਾਨ ਉਨ੍ਹਾਂ ਸੂਬੇ ਵਿਚ ਇਸ ਤੋਂ ਪਹਿਲਾਂ ਕਦੇ ਇੰਨੇ ਖੌਫਨਾਕ ਹਾਲਾਤ ਨਹੀਂ ਦੇਖੇ।’’ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਿਛਲੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੋੜੋ ਯਾਤਰਾ’ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਸੀ ਤੇ ਉਹ ਲੱਖਾਂ ਲੋਕਾਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਪਿਛਲੀ ਯਾਤਰਾ ਦੌਰਾਨ ਕਾਂਗਰਸ ਨੇ ਸਮਾਜ ਦੇ ਲਗਪਗ ਸਾਰੇ ਵਰਗਾਂ ਨੂੰ ਸੁਣਿਆ ਤੇ ਪਾਰਟੀ ਮੁੜ ਲੋਕਾਂ ਦੀ ‘ਮਨ ਕੀ ਬਾਤ’ ਸੁਣਨ ਲਈ ਉਤਸੁਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਵੱਲੋਂ ਆਪਣੇ ਸਿਆਸੀ ਪ੍ਰਚਾਰ ਦੌਰਾਨ ਨਫ਼ਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਦੇਸ਼ ਵੱਡੇ ਸਿਆਸੀ ਅਨਿਆਂ ਤੇ ਅਰਥਚਾਰੇ ਵਿਚ ਅਜਾਰੇਦਾਰੀ ’ਚੋਂ ਲੰਘ ਰਿਹੈ, ਜਿਸ ਨੇ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਤਬਾਹ ਕਰ ਦਿੱਤਾ ਹੈ। ਪੱਛੜੇ ਲੋਕਾਂ, ਦਲਿਤਾਂ ਤੇ ਆਦਿਵਾਸੀਆਂ ਦੀ ਸ਼ਾਸਨ ਵਿੱਚ ਕੋਈ ਭੂਮਿਕਾ ਨਹੀਂ ਹੈ।’’
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਆਪਣੀ ਤਕਰੀਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਉੱਤਰ-ਪੂਰਬੀ ਰਾਜ ਵਿਚ ਸਿਰਫ਼ ਵੋਟਾਂ ਮੰਗਣ ਲਈ ਆਉਂਦੇ ਹਨ। ਉਨ੍ਹਾਂ ਕਿਹਾ, ‘‘ਮੋਦੀ ਕੋਲ ਸਮੁੰਦਰ ਕੰਢੇੇ ਘੁੰਮਣ, ਸਮੁੰਦਰ ’ਚ ਡੁਬਕੀ ਲਾਉਣ ਦਾ ਸਮਾਂ ਹੈ, ਪਰ ਮਨੀਪੁਰ ਆਉਣ ਦਾ ਨਹੀਂ। ਪ੍ਰਧਾਨ ਮੰਤਰੀ ਵੋਟ ਬੈਂਕ ਦੀ ਸਿਆਸਤ ਦੇ ਨਾਮ ਹੇਠ ‘ਰਾਮ ਨਾਮ ਦਾ ਗੁਣਗਾਣ’ ਕਰ ਰਹੇ ਹਨ। ਭਾਜਪਾ ਧਰਮ ਤੇ ਸਿਆਸਤ ਨੂੰ ਰਲਗੱਡ ਕਰਕੇ ਲੋਕਾਂ ਨੂੰ ਭੜਕਾ ਰਹੀ ਹੈ। ਭਾਜਪਾ ਦੀ ਜ਼ੁਬਾਨ ’ਤੇ ‘ਰਾਮ’ ਤੇ ਬਗਲ ਵਿੱਚ ਛੁਰੀ ਹੈ। ਉਨ੍ਹਾਂ ਨੂੰ ਲੋਕਾਂ ਪ੍ਰਤੀ ਅਜਿਹੀ ਪਹੁੰਚ ਨਹੀਂ ਰੱਖਣੀ ਚਾਹੀਦੀ।’’ ਖੜਗੇ ਨੇ ਕਿਹਾ ਕਿ ਕਾਂਗਰਸ ਸਮਾਜਿਕ ਨਿਆਂ, ਧਰਮ-ਨਿਰਪੱਖਤਾ ਤੇ ਬਰਾਬਰੀ ਲਈ ਖੜੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਖਾਤਰ ਕੱਢੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਆਗੂ ਘਰ-ਘਰ ਜਾ ਕੇ ਸ਼ਾਂਤੀ ਦਾ ਸੁਨੇਹਾ ਦੇ ਰਿਹਾ ਹੈ। ਖੜਗੇ ਨੇ ਕਿਹਾ, ‘‘2019 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ...ਨੌਕਰੀਆਂ ਕਿੱਥੇ ਹਨ...ਲੋਕਾਂ ਦੇ ਸਾਰੇ ਵਰਗਾਂ ਨਾਲ ਅਨਿਆਂ ਕੀਤਾ ਗਿਆ ਹੈ। ‘ਭਾਰਤ ਜੋੋੋੜੋ ਯਾਤਰਾ’ ਜ਼ਰੀਏ ਅਸੀਂ ਸਾਰਿਆਂ- ਦਲਿਤ, ਆਦਿਵਾਸੀ, ਮਹਿਲਾਵਾਂ ਤੇ ਨੌਜਵਾਨਾਂ ਨੂੰ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀਆਂ ਸਰਕਾਰਾਂ ਵੇਲੇ ਛੇ ਉੱਤਰ-ਪੂਰਬੀ ਰਾਜਾਂ- ਮਨੀਪੁਰ, ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ, ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਮਿਲਿਆ ਤੇ ਹਰ ਤਰ੍ਹਾਂ ਦਾ ਵਿਕਾਸ ਹੋਇਆ। ਯਾਤਰਾ ਵਿੱਚ ਪਹਿਲੇ ਦਿਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਚਿਨ ਪਾਇਲਟ, ਜੈਰਾਮ ਰਮੇਸ਼, ਪਵਨ ਖੇੜਾ, ਪ੍ਰਮੋਦ ਤਿਵਾੜੀ, ਗੌਰਵ ਗੋਗੋਈ, ਸਲਮਾਨ ਖੁਰਸ਼ੀਦ, ਦਿਗਵਿਜੈ ਸਿੰਘ, ਅਭਿਸ਼ੇਕ ਮਨੂ ਸਿੰਘਵੀ, ਕਾਰਤੀ ਚਿਦੰਬਰਮ ਆਦਿ ਸ਼ਾਮਲ ਹੋਏ।
-ਪੀਟੀਆਈ/ਆਈਏਐੱਨਐੱਸ

Advertisement

‘ਭਾਰਤ ਜੋੜੋ ਨਿਆਏ ਯਾਤਰਾ’ ਲਈ ਇੰਫਾਲ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ, ਅਸ਼ੋਕ ਗਹਿਲੋਤ, ਸਚਿਨ ਪਾਇਲਟ, ਕੇਸੀ ਵੇਣੂਗੋਪਾਲ, ਦੀਪੇਂਦਰ ਹੁੱਡਾ ਤੇ ਹੋਰ। -ਫੋਟੋ: ਪੀਟੀਆਈ

ਰਾਹੁਲ ਨਾਲ ਯਾਤਰਾ ’ਚ ਸ਼ਾਮਲ ਹੋਏ ਦਾਨਿਸ਼ ਅਲੀ

ਇੰਫਾਲ: ਬਹੁਜਨ ਸਮਾਜ ਪਾਰਟੀ ਤੋਂ ਮੁਅੱਤਲ ਲੋਕ ਸਭਾ ਮੈਂਬਰ ਦਾਨਿਸ਼ ਅਲੀ ਅੱਜ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਨਿਆਏ ਯਾਤਰਾ’ ਵਿੱਚ ਸ਼ਾਮਲ ਹੋਏ ਤੇ ਕਿਹਾ ਕਿ ਇਸ ਯਾਤਰਾ ਦਾ ਹਿੱਸਾ ਬਣਨਾ ਉਹ ਆਪਣਾ ਫਰਜ਼ ਸਮਝਦੇ ਹਨ ਕਿਉਂਕਿ ਰਾਹੁਲ ਗਾਂਧੀ ਦੀ ਇਹ ਪਹਿਲ ਕਮਜ਼ੋਰ ਲੋਕਾਂ ਨੂੰ ਨਿਆਂ ਦਿਵਾਉਣ ਤੇ ਭਾਰਤੀਆਂ ਨੂੰ ਜੋੜਨ ਦੀ ਪਹਿਲ ਹੈ। ਉਹ ਇੱਥੇ ਕਾਂਗਰਸ ਵੱਲੋਂ ਕਰਵਾਏ ਗਏ ਸਮਾਗਮ ਦੇ ਮੰਚ ’ਤੇ ਅਗਲੀ ਕਤਾਰ ’ਚ ਬੈਠੇ ਹੋਏ ਸਨ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਅੱਜ ਮੈਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਮੇਰੇ ਲਈ ਬਹੁਤ ਹੀ ਅਹਿਮ ਫ਼ੈਸਲਾ ਹੈ। ਇਸ ਨੂੰ ਮੈਂ ਬਹੁਤ ਸੋਚ ਸਮਝ ਕੇ ਲਿਆ ਹੈ।’ -ਪੀਟੀਆਈ

ਯਾਤਰਾ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਿਲਦੇ ਹੋਏ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ

ਕਾਂਗਰਸ ਪਹਿਲਾਂ ਆਪਣੇ ਆਗੂਆਂ ਨੂੰ ਨਿਆਂ ਦੇਵੇ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਭਾਰਤ ਜੋੜੋ ਨਿਆਏ ਯਾਤਰਾ ਨੂੰ ‘ਭਾਰਤ ਤੋੜੋ ਯਾਤਰਾ’ ਦੱਸਦਿਆਂ ਕਿਹਾ ਕਿ ਕਾਂਗਰਸ ਰਾਹੁਲ ਗਾਂਧੀ ਦਾ ਪ੍ਰਚਾਰ ਪਾਸਾਰ ਕਰਨ ਦੀ ਥਾਂ ਪਹਿਲਾਂ ਉਨ੍ਹਾਂ ਆਗੂਆਂ ਨੂੰ ਨਿਆਂ ਦੇਵੇ, ਜੋ ਪਾਰਟੀ ਛੱਡ ਕੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਨਿਆਂ ਦੇਵੇ ਜੋ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਸਤਾਏ ਹੋਏ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਯਾਤਰਾ ਨੂੰ ‘ਝਾਂਸਾ’ ਕਰਾਰ ਦਿੰਦਿਆਂ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਨੂੰ ਨਿਆਂ ਨਹੀਂ ਮਿਲ ਰਿਹਾ ਤੇ ਉਹ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ। ਠਾਕੁਰ ਨੇ ਕਾਂਗਰਸ ਛੱਡ ਚੁੱਕੇ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਹਿਮੰਤਾ ਬਿਸਵਾ ਸਰਮਾ, ਹਾਰਦਿਕ ਪਟੇਲ, ਜਿਓਤਿਰਦਿੱਤਿਆ ਸਿੰਧੀਆ, ਆਰਪੀਐੱਨ ਸਿੰਘ ਤੇ ਸੁਨੀਲ ਜਾਖੜ ਦਾ ਹਵਾਲਾ ਦਿੱਤਾ। ਠਾਕੁਰ ਨੇ ਕਿਹਾ, ‘‘ਕਾਂਗਰਸ ਛੱਡਣ ਵਾਲੇ ਆਗੂਆਂ ਦੀ ਸੂਚੀ ਬਹੁਤ ਲੰਮੀ ਹੈ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿੱਚ ਨਿਆਂ ਨਹੀਂ ਮਿਲ ਰਿਹਾ ਹੈ। ਹੁਣ ਮਿਲਿੰਦ ਦਿਉੜਾ ਵੀ ਕਾਂਗਰਸ ਛੱਡ ਗਏ ਹਨ। ਕਾਂਗਰਸ ਦੀ ਨਿਆਏ ਯਾਤਰਾ ਝਾਂਸਾ ਹੈ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਲੋਕਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਰਦੇ ਹਨ, ਪਰ ਸੱਚਾਈ ਤਾਂ ਇਹ ਹੈ ਕਿ ਕਾਂਗਰਸ ਦੇ ਆਪਣੇ ਆਗੂ ਨਿਆਂ ਤੋਂ ਸੱਖਣੇ ਹਨ।’’ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਐਕਸ ’ਤੇ ਪੋਸਟ ਵਿੱਚ  ਕਿਹਾ, ‘‘ਰਾਹੁਲ ਗਾਂਧੀ  ਉੱਤਰ-ਪੂਰਬ ਜਾ ਰਹੇ ਹਨ, ਪਰ ਕੀ ਉਨ੍ਹਾਂ ਅਜਿਹੇ ਗਰੋਹਾਂ, ਜੋ ਸ਼ਰੇਆਮ ਉੱਤਰ-ਪੂਰਬ ਨੂੰ ਪੂਰੇ ਦੇਸ਼ ਨਾਲੋਂ ਅੱਡ ਕਰਨਾ ਚਾਹੁੰਦੇ ਹਨ, ਦੀ  ਹਮਾਇਤ ਲਈ ਮੁਆਫ਼ੀ ਮੰਗੀ ਹੈ?’’ ਗਾਂਧੀ ਨੇ ‘ਟੁਕੜੇ ਟੁਕੜੇ ਗੈਂਗ ਦੀ ਹਮਾਇਤ ਕੀਤੀ’, ਇਸ ਲਈ ਉਹ ਭਾਰਤ ਜੋੜੋ ਯਾਤਰਾ ਦਾ ਡਰਾਮਾ ਕਰ ਰਹੇ ਹਨ। -ਪੀਟੀਆਈ

Advertisement

ਕੀ ਇਹ ਸਿਆਸਤ ਕਰਨ ਦਾ ਸਮਾਂ ਹੈ: ਬੀਰੇਨ ਸਿੰਘ

ਇੰਫਾਲ: ਮਨੀਪੁਰ ਤੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਹੋਣ ’ਤੇ ਸੂਬੇ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸਵਾਲ ਕੀਤਾ ਕਿ ਕੀ ਇਹ ਰੈਲੀ ਕਰਕੇ ਸਿਆਸਤ ਕਰਨ ਦਾ ਸਮਾਂ ਹੈ। ਸੂਬੇ ’ਚ ਭਾਜਪਾ ਸਰਕਾਰ ਦੀ ਅਗਵਾਈ ਕਰਨ ਵਾਲੇ ਬੀਰੇਨ ਸਿੰਘ ਨੇ ਇਹ ਵੀ ਪੁੱਛਿਆ ਕਿ ਕੀ ਰਾਹੁਲ ਗਾਂਧੀ ਮਨੀਪੁਰ ’ਚ ਬਿਹਤਰ ਹੋ ਰਹੀ ਸਥਿਤੀ ਵਿਗਾੜਨ ਆਏ ਹਨ। ਉਨ੍ਹਾਂ ਕਿਹਾ, ‘ਸੂਬੇ ਦੇ ਮੌਜੂਦਾ ਹਾਲਾਤ ਦੇਖਦਿਆਂ ਕੀ ਇਹ ਰੈਲੀ ਕਰਕੇ ਸਿਆਸਤ ਕਰਨ ਦਾ ਸਮਾਂ ਹੈ? ਇਹ ਸਮਾਂ ਜਾਨ-ਮਾਲ ਦੀ ਰਾਖੀ ਕਰਨ ਤੇ ਹੌਸਲਾ ਦੇਣ ਦਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਇਹ ਅਸਲ ਵਿੱਚ ‘ਭਾਰਤ ਤੋੜੋ’ ਯਾਤਰਾ ਹੈ ਨਾ ਕਿ ‘ਭਾਰਤ ਜੋੜੋ’ ਯਾਤਰਾ। ਉਨ੍ਹਾਂ ਕਿਹਾ, ‘ਸਥਿਤੀ ਬਿਹਤਰ ਹੋ ਰਹੀ ਹੈ ਅਤੇ ਸਾਨੂੰ ਸ਼ੱਕ ਹੈ ਕਿ ਉਹ (ਗਾਂਧੀ) ਇਸ ’ਚ ਗੜਬੜੀ ਕਰਨ ਆਏ ਹਨ। ਜਦੋਂ ਵੀ ਉਹ ਆਉਂਦੇ ਹਨ ਤਾਂ ਦਿੱਕਤ ਹੋ ਜਾਂਦੀ ਹੈ। ਇਸ ਵਾਰ ਮਨੀਪੁਰ ਚੌਕਸ ਹੈ। ਜੇਕਰ ਉਹ ਆਉਂਦੇ ਹਨ ਤਾਂ ਸਾਨੂੰ ਚੌਕਸ ਰਹਿਣਾ ਪਵੇਗਾ ਤਾਂ ਜੋ ਉਹ ਚੀਜ਼ਾਂ ’ਚ ਗੜਬੜੀ ਨਾ ਕਰ ਸਕਣ।’ -ਪੀਟੀਆਈ

Advertisement