ਮਨੀਪੁਰ: ਮੋਬਾਈਲ ਇੰਟਰਨੈੱਟ ਸੇਵਾਵਾਂ ਦੋ ਹੋਰ ਦਿਨਾਂ ਲਈ ਮੁਅੱਤਲ
ਇੰਫਾਲ, 3 ਦਸੰਬਰ
Manipur: Mobile internet suspended: ਮਨੀਪੁਰ ਵਿਚ ਨਸਲੀ ਹਿੰਸਾ ਦੇ ਮੱਦੇਨਜ਼ਰ ਨੌਂ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾ ਦੋ ਹੋਰ ਦਿਨਾਂ ਲਈ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਇਹਤਿਆਤ ਵਜੋਂ ਪੰਜ ਦਸੰਬਰ ਨੂੰ ਸ਼ਾਮ 5.15 ਵਜੇ ਤੱਕ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 18 ਨਵੰਬਰ ਤੋਂ ਬਾਅਦ ਨੌਂ ਜ਼ਿਲ੍ਹਿਆਂ ਵਿੱਚੋਂ ਕਿਸੇ ਵੀ ਵੱਡੀ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ ਭਾਵੇਂ ਕਾਂਗਪੋਕਪੀ ਜ਼ਿਲ੍ਹੇ ਤੋਂ 25 ਨਵੰਬਰ ਨੂੰ ਇਕ ਵਿਅਕਤੀ ਲਾਪਤਾ ਹੋ ਗਿਆ ਸੀ। ਗ੍ਰਹਿ ਕਮਿਸ਼ਨਰ ਐੱਨ ਅਸ਼ੋਕ ਕੁਮਾਰ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘ਸੂਬੇ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਹਾਲੇ ਇਹ ਖਦਸ਼ੇ ਹਨ ਕਿ ਕੁਝ ਸਮਾਜ ਵਿਰੋਧੀ ਅਨਸਰ ਤਸਵੀਰਾਂ ਤੇ ਨਫ਼ਰਤ ਭਰੇ ਭਾਸ਼ਣਾਂ ਅਤੇ ਪ੍ਰਸਾਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ ਤੇ ਲੋਕਾਂ ਨੂੰ ਭੜਕਾ ਸਕਦੇ ਹਨ ਜਿਸ ਕਰ ਕੇ ਸੂਬਾ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਇਹ ਪਾਬੰਦੀ ਨੌਂ ਜ਼ਿਲ੍ਹਿਆਂ ਵਿੱਚ ਲਾਗੂ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ਵਿਚ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਕਾਂਗਪੋਕਪੀ, ਚੂਰਾਚੰਦਪੁਰ, ਜਿਰੀਬਾਮ ਅਤੇ ਫੇਰਜ਼ੌਲ ਸ਼ਾਮਲ ਹਨ। ਇਹ ਵੀ ਦੱਸਣਾ ਬਣਦਾ ਹੈ ਕਿ 15 ਅਤੇ 16 ਨਵੰਬਰ ਨੂੰ ਜਿਰੀਬਾਮ ਜ਼ਿਲ੍ਹੇ ਵਿੱਚ ਲਾਪਤਾ ਤਿੰਨ ਬੱਚਿਆਂ ਅਤੇ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਹਿੰਸਾ ਭੜਕ ਗਈ ਸੀ ਤੇ ਹਾਲਾਤ ਬਦਤਰ ਹੋ ਗਏ ਸਨ।