For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਭੀੜ ਨੇ ਆਈਆਰਬੀ ਜਵਾਨ ਦਾ ਘਰ ਸਾੜਿਆ

08:12 AM Jul 06, 2023 IST
ਮਨੀਪੁਰ  ਭੀੜ ਨੇ ਆਈਆਰਬੀ ਜਵਾਨ ਦਾ ਘਰ ਸਾੜਿਆ
ਮਨੀਪੁਰ ਦੇ ਥੌੳੂਬਲ ਜ਼ਿਲ੍ਹੇ ’ਚ ਦੰਗਾਕਾਰੀਅਾਂ ਵੱਲੋਂ ਸਾੜੀ ਗਈ ਇਮਾਰਤ। -ਫੋਟੋ: ਪੀਟੀਆਈ
Advertisement

ਇੰਫਾਲ, 5 ਜੁਲਾਈ
ਮਨੀਪੁਰ ਦੇ ਥੌੳੂਬਲ ਜ਼ਿਲ੍ਹੇ ’ਚ ਗੁੱਸੇ ’ਚ ਆਈ ਭੀੜ ਨੇ ਇੰਡੀਅਨ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਇਕ ਜਵਾਨ ਦੇ ਘਰ ਨੂੰ ਅੱਗ ਲੱਗਾ ਦਿੱਤੀ। ਉਧਰ ਸਰਕਾਰ ਨੇ ਕਈ ਵੀਆਈਪੀਜ਼ ਦੀ ਸੁਰੱਖਿਅਾ ਘਟਾ ਕੇ ਕਿਸਾਨਾਂ ਨੂੰ ਦੇਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਖੇਤੀ ਕਰ ਸਕਣ। ਇਸ ਦੌਰਾਨ ਸੂਬੇ ’ਚ ਦੋ ਮਹੀਨਿਆਂ ਮਗਰੋਂ ਅੱਜ ਸਕੂਲ ਮੁੜ ਖੁੱਲ੍ਹ ਗਏ ਹਨ ਪਰ ਬੱਚਿਆਂ ਦੀ ਹਾਜ਼ਰੀ ਬਹੁਤ ਘੱਟ ਰਹੀ। ਮਨੀਪੁਰ ’ਚ ਇੰਟਰਨੈੱਟ ’ਤੇ ਪਾਬੰਦੀ ਹੋਰ ਵਧਾ ਦਿੱਤੀ ਗਈ ਹੈ ਤਾਂ ਜੋ ਮਾਹੌਲ ਵਿਗੜਨ ਤੋਂ ਬਚਾਉਣ ਲਈ ਅਫ਼ਵਾਹਾਂ ’ਤੇ ਲਗਾਮ ਲਾਈ ਜਾ ਸਕੇ।
ਸਮਾਗਮ ’ਚ ਮੰਗਲਵਾਰ ਰਾਤ ਆਈਆਰਬੀ ਜਵਾਨ ਦਾ ਘਰ ਉਸ ਸਮੇਂ ਸਾੜਿਆ ਗਿਆ ਜਦੋਂ ਵਾਂਗਬਲ ’ਚ 700-800 ਲੋਕਾਂ ਦੀ ਭੀੜ ਨੇ ਹਥਿਆਰ ਲੁੱਟਣ ਲਈ ਆਈਆਰਬੀ ਦੇ ਕੈਂਪ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਝੜਪ ’ਚ ਰੋਨਾਲਡੋ ਨਾਮ ਦਾ ਇਕ ਵਿਅਕਤੀ ਮਾਰਿਆ ਗਿਆ। ਝੜਪਾਂ ’ਚ 10 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਛੇ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਕਿਹਾ ਕਿ ਜਵਾਨਾਂ ਨੇ ਪਹਿਲਾਂ ਹਾਲਾਤ ਕਾਬੂ ਹੇਠ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਪਰ ਜਦੋਂ ਹਥਿਆਰਬੰਦ ਭੀੜ ਨੇ ਗੋਲੀਆਂ ਚਲਾਈਆਂ ਤਾਂ ਜਵਾਨਾਂ ਨੇ ਮੋੜਵਾਂ ਜਵਾਬ ਦਿੱਤਾ। ਭੀੜ ਨੇ ਕੈਂਪ ਵੱਲ ਜਾਣ ਵਾਲੀਆਂ ਸੜਕਾਂ ਠੱਪ ਕਰ ਦਿੱਤੀਆਂ ਸਨ ਤਾਂ ਜੋ ਜਵਾਨਾਂ ਦੀ ਹੋਰ ਨਫ਼ਰੀ ਉਥੇ ਨਾ ਪਹੁੰਚ ਸਕੇ। ਅਧਿਕਾਰੀਆਂ ਨੇ ਕਿਹਾ ਕਿ ਭੀੜ ਨੇ ਅਸਾਮ ਰਾਈਫ਼ਲਜ਼ ਦੀ ਟੀਮ ’ਤੇ ਹਮਲਾ ਕੀਤਾ ਜਿਸ ’ਚ ਇਕ ਜਵਾਨ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਦੇ ਵਾਹਨ ਨੂੰ ਅੱਗ ਲਗਾ ਦਿੱਤੀ ਗਈ।
ਮਨੀਪੁਰ ਸਰਕਾਰ ਨੇ ਮੰਤਰੀਆਂ, ਵਿਧਾਇਕਾਂ, ਸਿਆਸਤਦਾਨਾਂ ਅਤੇ ਅਫ਼ਸਰਾਂ ਨਾਲ ਤਾਇਨਾਤ ਸੁਰੱਖਿਆ ਘਟਾ ਦਿੱਤੀ ਹੈ। ਕਰੀਬ ਦੋ ਹਜ਼ਾਰ ਜਵਾਨਾਂ ਨੂੰ ਸੂਬੇ ਦੇ ਅਸ਼ਾਂਤ ਇਲਾਕਿਆਂ ’ਚ ਕਿਸਾਨਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਖੇਤੀ ਲਈ ਸੁਰੱਖਿਆ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਜਵਾਨ ਪੰਜ ਜ਼ਿਲ੍ਹਿਆਂ ਕਾਂਗਪੋਕਪੀ, ਚੂਰਾਚਾਂਦਪੁਰ, ਇੰਫਾਲ ਪੂਰਬੀ, ਇੰਫਾਲ ਪੱਛਮੀ ਅਤੇ ਕਾਕਚਿੰਗ ਜ਼ਿਲ੍ਹਿਆਂ ’ਚ ਤਾਇਨਾਤ ਕੀਤੇ ਜਾਣਗੇ। -ਪੀਟੀਆਈ

Advertisement

ਸੀਪੀਐੱਮ ਅਤੇ ਸੀਪੀਆਈ ਸੰਸਦ ਮੈਂਬਰਾਂ ਦੇ ਸਾਂਝੇ ਵਫ਼ਦ ਦਾ ਮਨੀਪੁਰ ਦੌਰਾ ਅੱਜ ਤੋਂ
ਨਵੀਂ ਦਿੱਲੀ: ਸੀਪੀਐੱਮ ਅਤੇ ਸੀਪੀਆਈ ਦੇ ਸੰਸਦ ਮੈਂਬਰਾਂ ਦਾ ਸਾਂਝਾ ਵਫ਼ਦ ਵੀਰਵਾਰ ਤੋਂ ਹਿੰਸਾਗ੍ਰਸਤ ਮਨੀਪੁਰ ਦੇ ਦੌਰੇ ’ਤੇ ਜਾਵੇਗਾ। ਦੋਵੇਂ ਖੱਬੇ-ਪੱਖੀ ਪਾਰਟੀਆਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੰਜ ਮੈਂਬਰੀ ਵਫ਼ਦ 8 ਜੁਲਾਈ ਤੱਕ ਉਥੇ ਰਹੇਗਾ। ਦੋਵੇਂ ਪਾਰਟੀਆਂ ਨੇ ਕੇਂਦਰ ਅਤੇ ਸੂਬੇ ’ਚ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਸ ਦੇ ਚੰਗੇ ਸ਼ਾਸਨ ਦੇ ਦਾਅਵਿਆਂ ਦੀ ਮਨੀਪੁਰ ’ਚ ਫੂਕ ਨਿਕਲ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਲੀਡਰਸ਼ਿਪ ਮਨੀਪੁਰ ’ਚ ਸ਼ਾਂਤੀ ਬਹਾਲੀ ਲਈ ਕੰਮ ਕਰਨ ਦੀ ਬਜਾਏ ਮਹਾਰਾਸ਼ਟਰ ’ਚ ਪਾਰਟੀਆਂ ਤੋੜਨ ’ਚ ਵਧੇਰੇ ਦਿਲਚਸਪੀ ਦਿਖਾ ਰਹੀ ਹੈ। ਵਫ਼ਦ ਵੱਲੋਂ 7 ਜੁਲਾਈ ਨੂੰ ਮਨੀਪੁਰ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ 8 ਜੁਲਾਈ ਨੂੰ ਉਹ ਮੀਡੀਆ ਨਾਲ ਗੱਲਬਾਤ ਕਰਨਗੇ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×