ਮਨੀਪੁਰ: ਭੀੜ ਵੱਲੋਂ ਅਸਾਮ ਰਾਈਫਲਜ਼ ਦੇ ਆਰਜ਼ੀ ਕੈਂਪ ’ਤੇ ਹਮਲਾ
ਇੰਫਾਲ, 11 ਜਨਵਰੀ
ਮਨੀਪੁਰ ਦੇ ਕਾਮਜੌਂਗ ਜ਼ਿਲ੍ਹੇ ਵਿੱਚ ਸੁਰੱਖਿਆ ਜਵਾਨਾਂ ’ਤੇ ਕਥਿਤ ਲੱਕੜੀਆਂ ਢੋਣ ਤੋਂ ਰੋਕਣ ਅਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਭੀੜ ਨੇ ਅੱਜ ਅਸਾਮ ਰਾਈਫਲਜ਼ ਦੇ ਆਰਜ਼ੀ ਕੈਂਪ ’ਤੇ ਹਮਲਾ ਕਰਦਿਆਂ ਇਸ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਹੌਂਗਬੇਈ ਇਲਾਕੇ ਵਿੱਚ ਕੈਂਪ ’ਤੇ ਹਮਲਾ ਕਰਨ ਵਾਲੇ ਗਰੁੱਪ ਦੇ ਮੈਂਬਰ ਨਾਗਾ ਬਹੁਗਿਣਤੀ ਵਾਲੇ ਇਸ ਜ਼ਿਲ੍ਹੇ ਦੇ ਕਾਸੋਮ ਖੁੱਲਨ ਬਲਾਕ ਨਾਲ ਸਬੰਧਤ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਤਣਾਅ ਅੱਜ ਉਸ ਸਮੇਂ ਵਧ ਗਿਆ ਜਦੋਂ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਕਥਿਤ ਤੌਰ ’ਤੇ ਕਾਸੋਮ ਖੁੱਲਨ ਵਿੱਚ ਮਕਾਨ ਉਸਾਰੀ ਲਈ ਲੱਕੜੀ ਲਿਜਾਣ ’ਤੇ ਰੋਕ ਲਾ ਦਿੱਤੀ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਅੱਥਰੂ ਗੈਸ ਦੇ ਗੋਲ ਦਾਗ਼ੇ ਅਤੇ ਹਵਾਈ ਫਾਇਰਿੰਗ ਵੀ ਕੀਤੀ। ਭੀੜ ਨੇ ਬਾਅਦ ਵਿੱਚ ਨੀਮ ਫੌਜੀ ਬਲ ਦੇ ਆਰਜ਼ੀ ਕੈਂਪ ਨੂੰ ਤਬਾਹ ਕਰ ਦਿੱਤਾ ਅਤੇ ਇਸ ਇਲਾਕੇ ਵਿੱਚੋਂ ਕੈਂਪ ਤਬਦੀਲ ਕਰਨ ਦੀ ਮੰਗ ਕੀਤੀ। -ਪੀਟੀਆਈ
ਰਾਜਪਾਲ ਵੱਲੋਂ ਸੀਆਰਪੀਐੱਫ ਨਾਲ ਮਨੀਪੁਰ ਦੀ ਸਥਿਤੀ ਬਾਰੇ ਚਰਚਾ
ਇੰਫਾਲ: ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਅੱਜ ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨਸਲੀ ਹਿੰਸਾ ਤੋਂ ਪ੍ਰਭਾਵਿਤ ਸੂਬੇ ਦੀ ਸਥਿਤੀ ’ਤੇ ਚਰਚਾ ਕੀਤੀ। ਇਸ ਮੌਕੇ ਸੀਆਰਪੀਐੱਫ ਦੇ ਉੱਤਰ-ਪੂਰਬ ਜ਼ੋਨ ਦੇ ਵਿਸ਼ੇਸ਼ ਡੀਜੀ ਰਾਜਾ ਸ੍ਰੀਵਾਸਤਵ ਤੇ ਦੋ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।