For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਅਫ਼ਸਪਾ ਖ਼ਿਲਾਫ਼ ਮਾਰਚ ਰਾਹ ’ਚ ਰੋਕਿਆ

05:45 AM Nov 20, 2024 IST
ਮਨੀਪੁਰ  ਅਫ਼ਸਪਾ ਖ਼ਿਲਾਫ਼ ਮਾਰਚ ਰਾਹ ’ਚ ਰੋਕਿਆ
ਇੰਫਾਲ ’ਚ ਜਥੇਬੰਦੀਆਂ ਵੱਲੋਂ ਕੀਤੇ ਪ੍ਰਦਰਸ਼ਨ ’ਚ ਹਿੱਸਾ ਲੈੈਂਦੇ ਹੋਏ ਲੋਕ। -ਫੋਟੋ: ਏਐੱਨਆਈ
Advertisement

* ਹਥਿਆਰਬੰਦ ਬਲਾਂ ਨੂੰ ਦਿੱਤੇ ਵਿਸ਼ੇਸ਼ ਅਧਿਕਾਰ ਵਾਪਸ ਲੈਣ ਦੀ ਕੀਤੀ ਮੰਗ
* ਬ੍ਰਾਡਬੈਂਡ ਸੇਵਾਵਾਂ ’ਤੇ ਲੱਗੀ ਰੋਕ ਕੁਝ ਸ਼ਰਤਾਂ ਨਾਲ ਹਟਾਈ
* ਐੱਨਡੀਏ ਵਿਧਾਇਕਾਂ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਵੱਡੀ ਕਾਰਵਾਈ ਦਾ ਸੱਦਾ

Advertisement

ਇੰਫਾਲ, 19 ਨਵੰਬਰ
ਮਨੀਪੁਰ ਦੇ ਕੁਝ ਹਿੱਸਿਆਂ ’ਚ ਕੇਂਦਰ ਵੱਲੋਂ ਛੇ ਪੁਲੀਸ ਸਟੇਸ਼ਨਾਂ ਅਧੀਨ ਆਉਂਦੇ ਇਲਾਕਿਆਂ ’ਚ ਅਫ਼ਸਪਾ (ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦੇਣ ਬਾਰੇ ਐਕਟ) ਲਾਗੂ ਕੀਤੇ ਜਾਣ ਦੇ ਵਿਰੋਧ ’ਚ ਅੱਜ ਇੰਫਾਲ ਪੱਛਮੀ ਜ਼ਿਲ੍ਹੇ ਦੇ ਲੋਕਾਂ ਨੇ ਕਰਫ਼ਿਊ ਦੀ ਉਲੰਘਣਾ ਕਰਕੇ ਰੋਸ ਮਾਰਚ ਕੀਤਾ। ਸੂਬੇ ’ਚ ਤਣਾਅ ਦਾ ਮਾਹੌਲ ਕਾਇਮ ਹੈ ਪਰ ਸਰਕਾਰ ਨੇ ਬ੍ਰਾਡਬੈਂਡ ਸੇਵਾਵਾਂ ’ਤੇ ਲੱਗੀ ਰੋਕ ਕੁਝ ਸ਼ਰਤਾਂ ਨਾਲ ਹਟਾ ਲਈ ਹੈ। ਇੰਫਾਲ ਪੂਰਬੀ ਅਤੇ ਪੱਛਮੀ ਤੇ ਕਾਚਿੰਗ ਜ਼ਿਲ੍ਹਿਆਂ ’ਚ ਸਵੇਰੇ 5 ਵਜੇ ਤੋਂ 10 ਵਜੇ ਤੱਕ ਕਰਫ਼ਿਊ ’ਚ ਛੋਟ ਦਿੱਤੀ ਗਈ ਹੈ।
ਉਧਰ ਹੁਕਮਰਾਨ ਐੱਨਡੀਏ ਦੇ ਵਿਧਾਇਕਾਂ ਨੇ ਸੋਮਵਾਰ ਦੇਰ ਰਾਤ ਮੀਟਿੰਗ ਕਰਕੇ ਮੰਗ ਕੀਤੀ ਕਿ ਦਹਿਸ਼ਤਗਰਦਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਅਫ਼ਸਪਾ ਲਾਗੂ ਕਰਨ ਦੇ ਫ਼ੈਸਲੇ ਬਾਰੇ ਨਜ਼ਰਸਾਨੀ ਕਰੇਗਾ। ਆਲ ਮਨੀਪੁਰ ਯੂਨਾਈਟਿਡ ਕਲੱਬਜ਼ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ, ਪੋਈਰੇਈ ਲੀਮਾਰੋਲ ਮੇਇਰਾ ਪਾਇਬੀ ਅਪੂਨਬਾ ਮਨੀਪੁਰ ਅਤੇ ਹੋਰ ਸਥਾਨਕ ਜਥੇਬੰਦੀਆਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਵਾਕੇਇਥੇਲ ਇਲਾਕੇ ਤੋਂ ਰੈਲੀ ਸ਼ੁਰੂ ਕੀਤੀ। ਜਦੋਂ ਉਹ ਕਰੀਬ ਸਾਢੇ ਤਿੰਨ ਕਿਲੋਮੀਟਰ ਅੱਗੇ ਆ ਗਏ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਕੇਇਸਮਪਤ ਜੰਕਸ਼ਨ ’ਤੇ ਰੋਕ ਲਿਆ। ਹਿੰਸਾ ਦੀਆਂ ਹਾਲੀਆ ਘਟਨਾਵਾਂ ਮਗਰੋਂ ਜ਼ਿਲ੍ਹੇ ’ਚ ਕਰਫ਼ਿਊ ਲਾਗੂ ਹੈ ਅਤੇ ਲੋਕਾਂ ’ਤੇ ਕਰਫ਼ਿਊ ਤੋੜਨ ਦੇ ਦੋਸ਼ ਲੱਗੇ ਹਨ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਅਸੀਂ ਛੇ ਪੁਲੀਸ ਸਟੇਸ਼ਨਾਂ ਤਹਿਤ ਪੈਂਦੇ ਇਲਾਕਿਆਂ ’ਚ ਅਫ਼ਸਪਾ ਲਾਗੂ ਕਰਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਜਿਰੀਬਾਮ ’ਚ ਅਫ਼ਸਪਾ ਲਾਗੂ ਹੋਣ ਦੇ ਕੁਝ ਦਿਨਾਂ ਮਗਰੋਂ ਜਿਰੀਬਾਮ ਜ਼ਿਲ੍ਹੇ ’ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ।’’ ਉਸ ਨੇ ਜਿਰੀਬਾਮ ’ਚ ਐਤਵਾਰ ਰਾਤ ਵਾਪਰੀ ਗੋਲੀਬਾਰੀ ਦੀ ਘਟਨਾ ਦਾ ਜ਼ਿਕਰ ਕੀਤਾ ਜਿਸ ’ਚ ਇਕ ਵਿਅਕਤੀ ਹਲਾਕ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ। ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਸੁਰੱਖਿਆ ਬਲਾਂ ਅਤੇ ਭੀੜ ਵਿਚਕਾਰ ਬਾਬੂਪਾਰਾ ਇਲਾਕੇ ’ਚ ਝੜਪ ਹੋ ਗਈ ਸੀ। ਭੀੜ ਸੰਪਤੀਆਂ ਦੀ ਭੰਨ-ਤੋੜ ਕਰ ਰਹੀ ਸੀ ਜਦਕਿ ਸੁਰੱਖਿਆ ਬਲਾਂ ਦੇ ਜਵਾਨਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਉਧਰ ਮਨੀਪੁਰ ਸਰਕਾਰ ਨੇ ਕੁਝ ਸ਼ਰਤਾਂ ਨਾਲ ਬ੍ਰਾਡਬੈਂਡ ਸੇਵਾਵਾਂ ਤੋਂ ਰੋਕ ਹਟਾ ਲਈ ਹੈ। ਸ਼ਰਤਾਂ ਤਹਿਤ ਕਿਸੇ ਨੂੰ ਨਵਾਂ ਕੁਨੈਕਸ਼ਨ, ਵਾਈ-ਫਾਈ ਜਾਂ ਹਾਟਸਪਾਟ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ ਆਮ ਲੋਕਾਂ, ਹਸਪਤਾਲਾਂ, ਵਿਦਿਅਕ ਅਦਾਰਿਆਂ ਅਤੇ ਹੋਰ ਦਫ਼ਤਰਾਂ ’ਚ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਬ੍ਰਾਡਬੈਂਡ ਸੇਵਾਵਾਂ ਤੋਂ ਰੋਕ ਹਟਾਈ ਹੈ। ਗ੍ਰਹਿ ਕਮਿਸ਼ਨਰ ਐੱਨ ਅਸ਼ੋਕ ਕੁਮਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਮੋਬਾਈਲ ਇੰਟਰਨੈੱਟ ਸੇਵਾਵਾਂ ਅਜੇ ਵੀ ਮੁਅੱਤਲ ਹੀ ਰਹਿਣਗੀਆਂ। ਇਸ ਦੌਰਾਨ ਹੁਕਮਰਾਨ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਦੇ ਵਿਧਾਇਕਾਂ ਨੇ ਮੀਟਿੰਗ ਕਰਕੇ ਜਿਰੀਬਾਮ ਜ਼ਿਲ੍ਹੇ ’ਚ ਛੇ ਵਿਅਕਤੀਆਂ ਦੀ ਹੱਤਿਆ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਖ਼ਿਲਾਫ਼ ਵੱਡੀ ਕਾਰਵਾਈ ਦਾ ਸੱਦਾ ਦਿੰਦਿਆਂ ਮਤਾ ਪਾਸ ਕੀਤਾ। ਸੋਮਵਾਰ ਰਾਤ ਹੋਈ ਮੀਟਿੰਗ ਦੌਰਾਨ 27 ਵਿਧਾਇਕ ਮੌਜੂਦ ਸਨ। ਉਨ੍ਹਾਂ ਕੇਸ ਐੱਨਆਈਏ ਹਵਾਲੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀ ਹੱਤਿਆ ਲਈ ਜ਼ਿੰਮੇਵਾਰ ਗੁੱਟਾਂ ਨੂੰ ‘ਗ਼ੈਰਕਾਨੂੰਨੀ ਜਥੇਬੰਦੀ’ ਐਲਾਨਿਆ ਜਾਵੇ। ਇਕ ਬਿਆਨ ’ਚ ਕਿਹਾ ਗਿਆ ਕਿ ਕੇਂਦਰ 14 ਨਵੰਬਰ ਤੋਂ ਲਾਗੂ ਕੀਤੇ ਗਏ ਅਫ਼ਸਪਾ ਦੀ ਨਜ਼ਰਸਾਨੀ ਕਰੇਗਾ। ਉਨ੍ਹਾਂ ਕਿਹਾ ਕਿ ਜੇ ਮਤਿਆਂ ’ਤੇ ਇਕ ਤੈਅ ਸਮੇਂ ਅੰਦਰ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਐੱਨਡੀਏ ਦੇ ਸਾਰੇ ਵਿਧਾਇਕ ਮਨੀਪੁਰ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਅਗਲੀ ਕਾਰਵਾਈ ਬਾਰੇ ਫ਼ੈਸਲਾ ਲੈਣਗੇ। -ਪੀਟੀਆਈ

Advertisement

ਖੜਗੇ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਮਨੀਪੁਰ ਦੇ ਮਾਮਲੇ ’ਚ ਦਖ਼ਲ ਮੰਗਿਆ

ਨਵੀਂ ਦਿੱਲੀ:

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅੱਜ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਮਨੀਪੁਰ ਦੇ ਮਾਮਲੇ ’ਚ ਫੌਰੀ ਦਖ਼ਲ ਦੇਣ ਤਾਂ ਜੋ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ’ਤੇ ਹਿੰਸਾ ਰੋਕਣ ਅਤੇ ਸ਼ਾਂਤੀ ਬਹਾਲ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਹੁਣ ਦੋਵੇਂ ਸਰਕਾਰਾਂ ’ਤੇ ਭਰੋਸਾ ਨਹੀਂ ਕਰਦੇ ਹਨ। ਖੜਗੇ ਨੇ ਭਰੋਸਾ ਜਤਾਇਆ ਕਿ ਰਾਸ਼ਟਰਪਤੀ ਦੇ ਦਖ਼ਲ ਨਾਲ ਮਨੀਪੁਰ ਦੇ ਲੋਕ ਮੁੜ ਤੋਂ ਆਪਣੇ ਘਰਾਂ ’ਚ ਸ਼ਾਂਤੀ, ਸਨਮਾਨ ਅਤੇ ਸੁਰੱਖਿਆ ਨਾਲ ਰਹਿ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਮਨੀਪੁਰ ’ਚ ਹਾਲਾਤ ਵਿਗੜਨ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 300 ਤੋਂ ਵਧ ਲੋਕਾਂ ਦੀ ਜਾਨ ਜਾ ਚੁੱਕੀ ਹੈ। -ਪੀਟੀਆਈ

Advertisement
Author Image

joginder kumar

View all posts

Advertisement