ਮਨੀਪੁਰ: ਐੱਸਪੀ ’ਤੇ ਹਮਲੇ ਮਗਰੋਂ ਵੱਡੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ
ਇੰਫਾਲ, 4 ਜਨਵਰੀ
ਮਨੀਪੁਰ ਦੇ ਕਾਂਗਪੋਕਪੀ ’ਚ ਭੀੜ ਵੱਲੋਂ ਲੰਘੀ ਸ਼ਾਮ ਐੱਸਪੀ ਦਫ਼ਤਰ ’ਤੇ ਕੀਤੇ ਹਮਲੇ ਤੋਂ ਬਾਅਦ ਜ਼ਿਲ੍ਹੇ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੈਬੋਲ ਪਿੰਡ ਤੋਂ ਕੇਂਦਰੀ ਬਲ ਕਥਿਤ ਤੌਰ ’ਤੇ ਨਾ ਹਟਾਏ ਜਾਣ ਨੂੰ ਲੈ ਕੇ ਭੀੜ ਨੇ ਹਮਲਾ ਕੀਤਾ, ਜਿਸ ਵਿੱਚ ਐੱਸਪੀ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਪਿੰਡ ’ਚ ਕੇਂਦਰੀ ਬਲਾਂ, ਖਾਸ ਕਰਕੇ ਬੀਐੱਸਐੱਫ ਤੇ ਸੀਆਰਪੀਐੱਫ ਦੀ ਲਗਾਤਾਰ ਤਾਇਨਾਤੀ ’ਤੇ ਬੀਤੇ ਦਿਨ ਗੁੱਸਾ ਜ਼ਾਹਿਰ ਕਰਦਿਆਂ ਦਫ਼ਤਰ ’ਤੇ ਪਥਰਾਅ ਕੀਤਾ ਅਤੇ ਹੋਰ ਚੀਜ਼ਾਂ ਵੀ ਸੁੱਟੀਆਂ। ਅਧਿਕਾਰੀਆਂ ਨੇ ਦੱਸਿਆ ਕਿ ਐੱਸਪੀ ਦਫ਼ਤਰ ਦੇ ਕੰਪਲੈਕਸ ’ਚ ਖੜ੍ਹੇ ਜ਼ਿਲ੍ਹਾ ਪੁਲੀਸ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਐੱਸਪੀ ਐੱਮ. ਪ੍ਰਭਾਕਰ ਦੇ ਮੱਥੇ ’ਤੇ ਕੋਈ ਚੀਜ਼ ਵੱਜੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਇੰਫਾਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਲਾਕੇ ’ਚ ਸੁਰੱਖਿਆ ਬਲਾਂ ਦੀ ਵੱਡੀ ਟੁਕੜੀ ਤਾਇਨਾਤ ਕੀਤੀ ਗਈ ਹੈ। ਸਥਿਤੀ ਹੁਣ ਕਾਬੂ ਹੇਠ ਹੈ ਅਤੇ ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕਰਨ ਤੋਂ ਇਲਾਵਾ ਐੱਸਪੀ ਦਫ਼ਤਰ ’ਤੇ ਪੈਟਰੋਲ ਬੰਬ ਨਾਲ ਵੀ ਹਮਲਾ ਕੀਤਾ। ਬਿਆਨ ’ਚ ਕਿਹਾ ਗਿਆ, ‘ਸੁਰੱਖਿਆ ਬਲਾਂ ਨੇ ਭੀੜ ’ਤੇ ਜਵਾਬੀ ਕਾਰਵਾਈ ਕੀਤੀ ਅਤੇ ਉਸ ਨੂੰ ਖਿੰਡਾਉਣ ਲਈ ਲੋੜੀਂਦੀ ਤਾਕਤ ਦੀ ਵਰਤੋਂ ਕੀਤੀ ਜਿਸ ਮਗਰੋਂ ਸਥਿਤੀ ਕੰਟਰੋਲ ਕੀਤੀ ਗਈ।’ -ਪੀਟੀਆਈ
ਰਾਜਪਾਲ ਵੱਲੋਂ ਮਨੀਪੁਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ
ਇੰਫਾਲ: ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਅੱਜ ਪੁਲੀਸ, ਸੀਆਰਪੀਐੱਫ, ਬੀਐੱਸਐੱਫ, ਅਸਾਮ ਰਾਈਫਲਜ਼ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਕੇ ਸੂਬੇ ’ਚ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਰਾਜਪਾਲ ਨੇ ਸੂਬੇ ਦੇ ਡੀਜੀਪੀ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਅਤੇ ਸੈਨਾ ਤੇ ਨੀਮ ਫੌਜੀ ਬਲਾਂ ਦੇ ਅਧਿਕਾਰੀਆਂ ਨੂੰ ਸੂਬੇ ’ਚ ਕਾਨੂੰਨ ਦੀ ਸਥਿਤੀ ਬਣਾਏ ਰੱਖਣ ’ਚ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। -ਪੀਟੀਆਈ
ਭਾਜਪਾ ਉਹ ਮਾਚਿਸ ਜਿਸ ਨੇ ਮਨੀਪੁਰ ਸਾੜਿਆ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੀਪੁਰ ’ਚ ਹਿੰਸਾ ਦੀ ਤਾਜ਼ਾ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਭਾਜਪਾ ਉਹ ਮਾਚਿਸ ਹੈ ਜਿਸ ਨੇ ਪੂਰਬ-ਉੱਤਰ ਦੇ ਇਸ ਸੂਬੇ ਨੂੰ ਸਾੜ ਦਿੱਤਾ। ਖੜਗੇ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਨਰਿੰਦਰ ਮੋਦੀ ਜੀ ਤੁਹਾਡੀ ਮਨੀਪੁਰ ਦੀ ਆਖਰੀ ਯਾਤਰਾ ਜਨਵਰੀ 2022 ’ਚ ਭਾਜਪਾ ਲਈ ਵੋਟਾਂ ਮੰਗਣ ਲਈ ਸੀ। 3 ਮਈ 2023 ਨੂੰ ਸੂਬੇ ’ਚ ਹਿੰਸਾ ਭੜਕੀ। 600 ਤੋਂ ਵੱਧ ਦਿਨ ਲੰਘ ਚੁੱਕੇ ਹਨ ਅਤੇ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਸੂਬੇ ’ਚ ਪਿੰਡਾਂ ਤੇ ਪਿੰਡ ਮਿਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਵਾਪਰੀ ਤਾਜ਼ਾ ਹਿੰਸਾ ਵਿੱਚ ਐੱਸਪੀ ’ਤੇ ਹਮਲਾ ਕਰ ਦਿੱਤਾ ਗਿਆ। -ਪੀਟੀਆਈ