For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨਗੇ ਕੁਕੀ ਵਿਧਾਇਕ

07:35 AM Aug 20, 2023 IST
ਮਨੀਪੁਰ  ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨਗੇ ਕੁਕੀ ਵਿਧਾਇਕ
Advertisement

ਨਵੀਂ ਦਿੱਲੀ, 19 ਅਗਸਤ
ਇਕ ਪਾਸੇ ਜਿੱਥੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੱਲੋਂ ਹਿੰਸਾ ਦੇ ਮੱਦੇਨਜ਼ਰ ਸਰਹੱਦ ਪਾਰ ਕਰ ਕੇ ਮੈਤੇਈ ਭਾਈਚਾਰੇ ਦੇ ਲੋਕਾਂ ਨੂੰ ਵਾਪਸ ਸੂਬੇ ’ਚ ਲਿਆਉਣ ਵਿੱਚ ਭਾਰਤੀ ਫ਼ੌਜ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਮਨੀਪੁਰ ਵਿਧਾਨ ਸਭਾ ਦੇ ਇਜਲਾਸ ਦਾ ਕੁਕੀ ਵਿਧਾਇਕਾਂ ਵੱਲੋਂ ਬਾਈਕਾਟ ਕੀਤਾ ਜਾ ਸਕਦਾ ਹੈ। ਵਿਰੋਧੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਤੋਂ ਪ੍ਰੇਸ਼ਾਨ ਬੀਰੇਨ ਸਿੰਘ ਦੀ ਅਗਵਾਈ ਵਾਲੀ ਮਨੀਪੁਰ ਸਰਕਾਰ ਨੇ ਸੋਮਵਾਰ ਤੋਂ ਵਿਧਾਨ ਸਭਾ ਸੈਸ਼ਨ ਸੱਦਣ ਦਾ ਫੈਸਲਾ ਲਿਆ ਹੈ ਪਰ 10 ਕੁਕੀ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਹ ਵਿਧਾਨ ਸਭਾ ਦੇ ਆਗਾਮੀ ਇਜਲਾਸ ਵਿੱਚ ਹਾਜ਼ਰ ਨਹੀਂ ਰਹਿਣਗੇ।
ਭਾਜਪਾ ਵਿਧਾਇਕ ਪੀ ਹਾਓਕਿਪ ਨੇ ਕਿਹਾ ਕਿ ਸਰਕਾਰ ਦੀ ਸ਼ਹਿ ’ਤੇ ਹੋਏ ਕਤਲੇਆਮ ਵਿੱਚ ਕੁਕੀ ਭਾਈਚਾਰੇ ’ਤੇ ਹੋਏ ਅਪਰਾਧਿਕ ਹਮਲਿਆਂ ਦੇ ਵਿਰੋਧ ਵਜੋਂ ਭਗਵਾਂ ਪਾਰਟੀ ਦੇ ਸੱਤ ਵਿਧਾਇਕ ਤੇ ਤਿੰਨ ਹੋਰ ਵਿਧਾਇਕ ਸੈਸ਼ਨ ਵਿੱਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ, ਕੁਕੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਕੋਈ ਜ਼ਿਆਦਾ ਪ੍ਰਭਾਵਸ਼ਾਲੀ ਸਾਬਿਤ ਨਹੀਂ ਹੋਵੇਗਾ ਪਰ ਫਿਰ ਵੀ ਸਾਰਿਆਂ ਦੀਆਂ ਨਜ਼ਰਾਂ ਹੁਣ ਨਾਗਾ ਵਿਧਾਇਕਾਂ ਵੱਲ ਹੋਣਗੀਆਂ। ਅੱਠ ਨਾਗਾ ਵਿਧਾਇਕਾਂ ਸਣੇ ਹਿੰਸਾ ਪ੍ਰਭਾਵਿਤ ਮਨੀਪੁਰ ਤੋਂ 40 ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੁਕੀ ਅਤਿਵਾਦੀ ਸਮੂਹਾਂ ਨਾਲ ਹੋਇਆ ਸਮਝੌਤਾ ਖ਼ਤਮ ਕਰਨ ਅਤੇ ਸੂਬੇ ਵਿੱਚ ਐੱਨਆਰਸੀ ਲਾਗੂ ਕਰਨ ਦੀ ਮੰਗ ਕੀਤੀ ਸੀ। -ਆਈਏਐੱਨਐੱਸ

Advertisement

ਮਿਆਂਮਾਰ ਗਏ ਮੈਤੇਈ ਭਾਈਚਾਰੇ ਦੇ ਮੈਂਬਰ ਮਨੀਪੁਰ ਪਰਤੇ: ਬੀਰੇਨ ਸਿੰਘ

ਇੰਫਾਲ: ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕਿਹਾ ਕਿ ਮਨੀਪੁਰ ਵਿੱਚ ਨਸਲੀ ਹਿੰਸਾ ਕਾਰਨ ਸਰਹੱਦ ਪਾਰ ਕਰ ਕੇ ਗੁਆਂਢੀ ਦੇਸ਼ ਮਿਆਂਮਾਰ ਜਾ ਚੁੱਕੇ ਮੈਤੇਈ ਭਾਈਚਾਰੇ ਦੇ 200 ਤੋਂ ਵੱਧ ਮੈਂਬਰ ਤਿੰਨ ਮਹੀਨੇ ਬਾਅਦ ਸੁਰੱਖਿਅਤ ਸੂਬੇ ਵਿੱਚ ਪਰਤੇ ਆਏ ਹਨ। ਉਨ੍ਹਾਂ ਇਨ੍ਹਾਂ ਮੈਤੇਈ ਪਰਿਵਾਰਾਂ ਨੂੰ ਵਾਪਸ ਲਿਆਉਣ ਵਿੱਚ ਫ਼ੌਜ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮਨੀਪੁਰ ਵਿੱਚ 3 ਮਈ ਤੋਂ ਮੈਤੇਈ ਤੇ ਕੁੱਕੀ ਭਾਈਚਾਰਿਆਂ ਵਿਚਾਲੇ ਸ਼ੁਰੂ ਹੋਈਆਂ ਝੜਪਾਂ ਵਿੱਚ 160 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਵਿਅਕਤੀ ਜ਼ਖ਼ਮੀ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ‘ਐਕਸ’ ਉੱਤੇ ਲਿਖਿਆ, ‘‘ਰਾਹਤ ਤੇ ਧੰਨਵਾਦ ਕਿਉਂਕਿ 212 ਭਾਰਤੀ ਨਾਗਰਿਕ (ਸਾਰੇ ਮੈਤੇਈ) ਜੋ ਕਿ ਮਨੀਪੁਰ ਵਿੱਚ 3 ਮਈ ਨੂੰ ਸ਼ੁਰੂ ਹੋਈ ਹਿੰਸਾ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸਰਹੱਦ ਪਾਰ ਕਰ ਕੇ ਮਿਆਂਮਾਰ ਚਲੇ ਗਏ ਸਨ, ਹੁਣ ਸੁਰੱਖਿਅਤ ਆਪਣੇ ਦੇਸ਼ ਦੀ ਧਰਤੀ ’ਤੇ ਪਰਤ ਆਏ ਹਨ।’’ ਉਨ੍ਹਾਂ ਇਨ੍ਹਾਂ ਮੈਤੇਈ ਪਰਿਵਾਰਾਂ ਨੂੰ ਵਾਪਸ ਲਿਆਉਣ ਵਿੱਚ ਭਾਰਤੀ ਫ਼ੌਜ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਸ੍ਰੀ ਬਿਰੇਨ ਸਿੰਘ ਨੇ ਕਿਹਾ, ‘‘ਮੈਤੇਈ ਭਾਈਚਾਰੇ ਦੇ ਪਰਿਵਾਰਾਂ ਨੂੰ ਘਰ ਵਾਪਸ ਲਿਆਉਣ ਲਈ ਦਿਖਾਏ ਜਜ਼ਬੇ ਵਾਸਤੇ ਭਾਰਤੀ ਫ਼ੌਜ ਦਾ ਧੰਨਵਾਦ। ਪੂਰਬੀ ਕਮਾਂਡ ਦੇ ਜੀਓਸੀ ਲੈਫਟੀਨੈਂਟ ਜਨਰਲ ਆਰ.ਪੀ. ਕਾਲਿਤਾ, 3 ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਐੱਚ.ਐੱਸ. ਸਾਹੀ ਅਤੇ 5 ਏਆਰ ਦੇ ਕਮਾਂਡਿੰਗ ਅਫਸਰ ਰਾਹੁਲ ਜੈਨ ਦਾ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ।’’ -ਪੀਟੀਆਈ

ਮੁੱਖ ਮੰਤਰੀ ਬੀਰੇਨ ਸਿੰਘ ਨੂੰ ਹਟਾਇਆ ਜਾਵੇ: ਸੀਪੀਆਈ (ਐੱਮ)

ਅਗਰਤਲਾ/ਇੰਫਾਲ: ਸੀਪੀਆਈ (ਐੱਮ) ਦੇ ਸੀਨੀਅਰ ਆਗੂ ਜੀਤੇਂਦਰ ਚੌਧਰੀ ਨੇ ਅੱਜ ਮੰਗ ਕੀਤੀ ਕਿ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ’ਚ ਅਸਫਲ ਰਹਿਣ ਲਈ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾਵੇ। ਉਹ ਸੀਪੀਆਈ (ਐੱਮ) ਦੀ ਤ੍ਰਿਪੁਰਾ ਇਕਾਈ ਦੇ ਜਨਰਲ ਸਕੱਤਰ ਅਤੇ ਹਿੰਸਾ ਪ੍ਰਭਾਵਿਤ ਸੂਬੇ ਮਨੀਪੁਰ ਦੌਰੇ ’ਤੇ ਪਹੁੰਚੇ ਹੋਏ ਪਾਰਟੀ ਦੇ ਵਫ਼ਦ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਉੱਤਰ-ਪੂਰਬੀ ਸੂਬੇ ਵਿੱਚ ਹੋਈ ਨਸਲੀ ਹਿੰਸਾ ਭਾਜਪਾ ਤੇ ਆਰਐੱਸਐੱਸ ਦੀ ਦੇਸ਼ ਭਰ ਵਿੱਚ ਲੋਕਾਂ ਵਿਚਾਲੇ ਵੰਡੀਆਂ ਪਾਉਣ ਦੀ ਰਣਨੀਤੀ ਦਾ ਹਿੱਸਾ ਸੀ। ਉੱਧਰ, ਤ੍ਰਿਪੁਰਾ ਭਾਜਪਾ ਦੇ ਮੁੱਖ ਬੁਲਾਰੇ ਸੁਬ੍ਰਤਾ ਚੱਕਰਬਰਤੀ ਨੇ ਚੌਧਰੀ ਦੇ ਦੋਸ਼ ਨਕਾਰਦਿਆਂ ਕਿਹਾ ਕਿ ਹੌਲੀ-ਹੌਲੀ ਮਨੀਪੁਰ ਵਿੱਚ ਸ਼ਾਂਤੀ ਬਹਾਲ ਹੋ ਜਾਵੇਗੀ। -ਪੀਟੀਆਈ

ਪੱਛਮੀ ਬੰਗਾਲਵਿੱਚ ਟੀਐੱਮਸੀ ਮਹਿਲਾ ਕਾਰਕੁਨਾਂ ਵੱਲੋਂ ਪ੍ਰਦਰਸ਼ਨ

ਸਿਲੀਗੁੜੀ (ਪੱਛਮੀ ਬੰਗਾਲ): ਤ੍ਰਿਣਮੂਲ ਮਹਿਲਾ ਕਾਂਗਰਸ ਨੇ ਅੱਜ ਇੱਥੇ ਮਨੀਪੁਰ ’ਚ ਮਹਿਲਾਵਾਂ ’ਤੇ ਹੋਏ ਅੱਤਿਆਚਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਤ੍ਰਿਣਮੂਲ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਉਸੇ ਤਰ੍ਹਾਂ ਦੇ ਕੱਪੜੇ ਪਹਿਨੇ ਹੋਏ ਸਨ ਜਿਵੇਂ ਕਿ ਮਨੀਪੁਰ ਵਿੱਚ ਔਰਤਾਂ ਪਹਿਨਦੀਆਂ ਹਨ। ਟੀਐੱਮਸੀ ਆਗੂ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ ਇਹ ਪ੍ਰਦਰਸ਼ਨ ਮਨੀਪੁਰ ਦੀਆਂ ਉਨ੍ਹਾਂ ਔਰਤਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਕੀਤਾ ਗਿਆ ਸੀ ਜਿਨ੍ਹਾਂ ’ਤੇ ਬੇਰਹਿਮੀ ਨਾਲ ਹਮਲੇ ਕੀਤੇ ਗਏ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×