ਮਨੀਪੁਰ ਘਟਨਾ: ਕੇਂਦਰ ਤੇ ਸੂਬਾ ਸਰਕਾਰ ਦੀ ਚੁੱਪੀ ਲੋਕਤੰਤਰ ਲਈ ਖ਼ਤਰਾ: ਜੀਟੀਯੂ
ਐਸ.ਏ.ਐਸ. ਨਗਰ (ਮੁਹਾਲੀ): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਦੀ ਅਗਵਾਈ ਵਿੱਚ ਹੋਈ। ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਪ੍ਰੈਸ ਸਕੱਤਰ ਐੱਨਡੀ ਤਿਵਾੜੀ ਨੇ ਕਿਹਾ ਕਿ ਮਨੀਪੁਰ ਵਿੱਚ ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਵਿੱਚ ਜਿਸ ਪ੍ਰਕਾਰ ਦੇਸ਼ ਅਤੇ ਰਾਜ ਦੀ ਸੱਤਾਧਾਰੀ ਧਿਰ ਚੁੱਪ ਧਾਰੀ ਬੈਠੀ ਹੈ, ਉਹ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਖ਼ਤਰਨਾਕ ਹੈ ਅਤੇ ਜੀਟੀਯੂ ਮਨੀਪੁਰ ਵਿੱਚ ਔਰਤਾਂ ਨਾਲ ਹੋ ਰਹੀ ਵਧੀਕੀਆਂ ਖ਼ਿਲਾਫ਼ ਨਿਖੇਧੀ ਮਤਾ ਪਾਸ ਕਰਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ। ਵਿੱਤ ਸਕੱਤਰ ਸੋਮ ਸਿੰਘ, ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ, ਕੰਵਲਜੀਤ ਸੰਗੋਵਾਲ, ਜਤਿੰਦਰ ਸਿੰਘ ਸੋਨੀ , ਪ੍ਰਗਟ ਸਿੰਘ ਜੰਬਰ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ 2020 ਤੇ ਅਧਿਆਪਨ ਵਰਗ ’ਚ ਆ ਰਹੀਆਂ ਮੁਸ਼ਕਲਾਂ ਸਬੰਧੀ ਸਕੂਲ ਟੀਚਰਜ਼ ਫੈਡਰੇਸ਼ਨ ਆਫ਼ ਇੰਡੀਆ ਦੀ ਅਗਵਾਈ ਵਿੱਚ ਸੀਕਰ (ਰਾਜਸਥਾਨ) ਵਿੱਚ ਤਿੰਨ ਰੋਜ਼ਾ ਸਕੂਲ ’ਚ ਜੀਟੀਯੂ (ਵਿਗਿਆਨਿਕ) ਦਾ ਵਫ਼ਦ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗਾ। ਮਾਸਟਰ ਕਾਡਰ/ਪ੍ਰਾਇਮਰੀ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਠੀਕ ਕਰਨ ਬਾਰੇ ਵੀ ਚਰਚਾ ਕੀਤੀ ਗਈ। -ਪੱਤਰ ਪ੍ਰੇਰਕ