ਮਨੀਪੁਰ ਕਾਂਡ: ਵਿਦਿਆਰਥੀਆਂ ਵੱਲੋਂ ਕਾਲੇ ਬਿੱਲੇ ਲਾ ਕੇ ਗਾਂਧੀ ਭਵਨ ਤੱਕ ਰੋਸ ਮਾਰਚ
ਕੁਲਦੀਪ ਸਿੰਘ
ਚੰਡੀਗੜ੍ਹ, 21 ਜੁਲਾਈ
ਮਨੀਪੁਰ ’ਚ ਹਿੰਸਾ ਦੌਰਾਨ ਦੋ ਔਰਤਾਂ ਨਾਲ ਵਾਪਰੀ ਘਟਨਾ ਖ਼ਿਲਾਫ਼ ਅੱਜ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਵਿੱਚ ਵੀ ਵੂਮੈੱਨ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੁੱਦੇ ਉਤੇ ਇਨਸਾਫ਼ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਜਿਸ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਤੋਂ ਵੀ ਨੁਮਾਇੰਦਿਆਂ ਨੇ ਆਪਣੇ ਬੈਨਰ ਤੋਂ ਹਟ ਕੇ ਸ਼ਿਰਕਤ ਕੀਤੀ। ਇਸੇ ਸਬੰਧ ਵਿੱਚ ਵਿਦਿਆਰਥੀਆਂ ਵੱਲੋਂ ਕਾਲੇ ਬਿੱਲੇ ਲਗਾ ਕੇ ਕੱਢਿਆ ਗਿਆ ਪੈਦਲ ਰੋਸ ਮਾਰਚ ਗਾਂਧੀ ਭਵਨ ਤੋਂ ਲੈ ਕੇ ਵਿਦਿਆਰਥੀ ਕੇਂਦਰ ਜਾ ਕੇ ਸਮਾਪਤ ਹੋਇਆ। ਹਾਲਾਂਕਿ ਅੱਜ ਦੇ ਇਸ ਪੈਦਲ ਰੋਸ ਪ੍ਰਦਰਸ਼ਨ ਵਿੱਚ ਕਿਸੇ ਵੀ ਲੀਡਰ ਜਾਂ ਵਿਦਿਆਰਥੀ ਆਗੂ ਨੇ ਕੋਈ ਭਾਸ਼ਣ ਨਹੀਂ ਦਿੱਤਾ ਪਰ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵੂਮੈੱਨ ਸਟੱਡੀਜ਼ ਵਿਭਾਗ ਤੋਂ ਅਮੀਰ ਸੁਲਤਾਨਾ ਸਮੇਤ ਹੋਰਨਾਂ ਕਈਆਂ ਨੇ ਸੱਤਾਧਾਰੀ ਪਾਰਟੀ ਦੇ ਲੀਡਰਾਂ ਉੱਤੇ ਵਰ੍ਹਦਿਆਂ ਕਿਹਾ ਕਿ ਰਾਜਨੀਤੀ ਉਨ੍ਹਾਂ ਦੀ ਲੜਾਈ ਹੋ ਸਕਦੀ ਹੈ ਪਰ ਜਿਹੜਾ ਹਿੰਸਕ ਕਾਰਾ ਮਣੀਪੁਰ ਵਿੱਚ ਵਾਪਰਿਆ ਹੈ, ਉਸ ਨੇ ਪੂਰੇ ਭਾਰਤ ਦੇਸ਼ ਨੂੰ ਪੂਰੀ ਦੁਨੀਆਂ ਵਿੱਚ ਸ਼ਰਮਨਾਕ ਕੀਤਾ ਹੈ।
ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਵੀ ਸਾਡੇ ਸੱਭਿਅਕ ਸਮਾਜ ਦਾ ਅੰਗ ਅਖਵਾਉਣ ਵਾਲੀਆਂ ਔਰਤਾਂ ਸੁਰੱਖਿਅਤ ਨਹੀਂ ਹਨ ਜਿਸ ਦੇ ਚਲਦਿਆਂ ਮਨੀਪੁਰ ਵਰਗੀਆਂ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ ਜਿੱਥੇ ਕਿ ਬੇਵੱਸ ਔਰਤਾਂ ਨਾਲ ਪੁਰਸ਼ਾਂ ਦੀ ਭੀੜ ਵੱਲੋਂ ਛੇੜਛਾੜ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮਨੀਪੁਰ ਵਿੱਚ ਔਰਤਾਂ ਨਾਲ ਵਾਪਰੀਆਂ ਹਿੰਸਕ ਅਤੇ ਕਥਿਤ ਛੇੜਛਾੜ ਘਟਨਾਵਾਂ ਦਾ ਸਖ਼ਤ ਨੋਟਿਸ ਲੈ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।